ਪੰਜਾਬ ਪੰਜਾਬ ਸਰਕਾਰ ਦਾ ਬਿਜਲੀ ਖਪਤਕਾਰਾਂ ਨੂੰ ਵੱਡਾ ਤੋਹਫਾ; 50 ਕਿਲੋਵਾਟ ਤਕ ਟੈਸਟ ਰਿਪੋਰਟ ਦੀ ਸ਼ਰਤ ਖ਼ਤਮ By admin - November 10, 2025 0 45 Facebook Twitter Pinterest WhatsApp ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡਾ ਤੋਹਫਾ ਦਿੱਤਾ ਐ। ਸਰਕਾਰ ਨੇ 50 ਕਿਲੋਵਾਟ ਦੇ ਨਵੇਂ ਕੁਨੈਕਸ਼ਨਾਂ ਲਈ ਟੈਸਟ ਰਿਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਐ। ਹੁਣ ਖਪਤਕਾਰਾਂ ਨੂੰ 50 ਕਿਲੋਵਾਟ ਤਕ ਦਾ ਨਵਾਂ ਕੁਨੈਕਸ਼ਨ ਲੈਣ ਲਈ ਟੈਸਟ ਰਿਪੋਰਟ ਲੈਣ ਦੀ ਲੋੜ ਨਹੀਂ ਪਵੇਗੀ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਫੈਸਲੇ ਨਾਲ ਖਪਤਕਾਰਾਂ ਦੀ ਵਾਧੂ ਦੀ ਸਿਰਦਰਦੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਲੋਕਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਐ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਹੋਰ ਵੀ ਬਹੁਤ ਸਾਰੇ ਲੋਕ-ਹਿਤੂ ਫੈਸਲੇ ਲਏ ਜਾਣਗੇ, ਜਿਸ ਨਾਲ ਕੁਨੈਕਸ਼ਨ ਲੈਣਾ ਹੋਰ ਸੌਖਾ ਹੋ ਜਾਵੇਗਾ। ਮੰਤਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਬਿਜਲੀ ਦਾ ਨਵਾਂ ਲੋਡ ਅਪਲਾਈ ਕਰਦੇ ਸਨ, ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ ਪਰ ਹੁਣ ਉਨ੍ਹਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਹੁਣ ਪੂਰੇ ਸੂਬੇ ‘ਚ 50 ਕਿੱਲੋਵਾਟ ਤੱਕ ਦੇ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਲੈਣ ਲਈ ਕਿਸੇ ਤਰ੍ਹਾਂ ਦੀ ਟੈਸਟ ਰਿਪੋਰਟ ਨਹੀਂ ਦੇਣੀ ਪਵੇਗੀ। ਇਸ ਦੇ ਨਾਲ ਸੰਜੀਵ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਨੇ 50 ਤੋਂ 100 ਕਿੱਲੋਵਾਟ ਤੱਕ ਕੁਨੈਕਸ਼ਨ ਲੈਣਾ ਹੈ, ਉਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਪਵੇਗੀ ਪਰ ਉਹ ਪੀ. ਐੱਸ. ਪੀ. ਸੀ. ਐੱਲ. ਵਲੋਂ ਵੈਰੀਫਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਬਿਜਲੀ ਖ਼ਪਤਕਾਰਾਂ ਨੂੰ ਚੰਗੇ ਕਾਂਟਰੈਕਟਰਾਂ ਤੋਂ ਕੰਮ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ 70-75 ਫ਼ੀਸਦੀ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਲੋਡ ਵਧਾਉਣ ਲਈ ਖ਼ਪਤਕਾਰਾਂ ਨੂੰ ਟੈਸਟ ਰਿਪੋਰਟ ਸਮੇਤ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ 100 ਕਿੱਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇੰਸਪੈਕਟਰ ਦੀ ਜਾਂਚ ਜ਼ਰੂਰੀ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ ਕਿ ਜਦੋਂ ਲੋਕ ਕੁਨੈਕਸ਼ਨ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਤੰਗ ਹੋਣਾ ਪੈਂਦਾ ਹੈ ਅਤੇ ਕਈ ਸਾਰੇ ਕਾਗਜ਼ ਮੰਗੇ ਜਾਂਦੇ ਹਨ। ਇਸ ਨਾਲ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਅਸੀਂ ਹੋਰ ਵੀ ਵੱਡੇ ਉਪਰਾਲੇ ਕਰਾਂਗੇ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਬਿਜਲੀ ਕੁਨੈਕਸ਼ਨ ਸੌਖੇ ਤਰੀਕੇ ਨਾਲ ਮਿਲ ਸਕਣ।