
ਕਾਂਗਰਸੀ ਸਾਂਸਦ ਰਾਜਾ ਵੜਿੰਗ ਦੇ ਬਿਆਨਾਂ ਤੇ ਪ੍ਰਤੀਕਰਮਾਂ ਦਾ ਦੌਰ ਲਗਾਤਾਰ ਜਾਰੀ ਐ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਰਾਜਾ ਵੜਿੰਗ ਤੇ ਬਿਆਨਾਂ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਐ। ਸੀਐਮ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਦੇ ਹਾਲ ਹੀ ਵਿਚ ਦਿੱਤੇ ਬਿਆਨ ਦਰਸਾਉਂਦੇ ਹਨ ਕਿ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ। ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ। ਮੁੱਖ ਮੰਤਰੀ ਮਾਨ ਕਿਹਾ ਕਿ ਮੈਨੂੰ ਲੱਗਦੈ ਇਹ ਹਿੱਲ ਗਏ ਨੇ। ਜਦੋਂ ਸਾਡੀ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ, ਉਦੋਂ ਮੈਂ ਕਿਹਾ ਸੀ ਕਿ ਅਕਾਲੀ ਕਾਂਗਰਸੀ 2025-26 ਦੇ ਨੇੜੇ ਤੇੜੇ ਪਾਗਲ ਹੋ ਜਾਣਗੇ, ਹੁਣ ਉਹ ਵੇਲਾ ਆ ਗਿਆ ਹੈ। ਮੇਰੀ ਕਹੀ ਗੱਲ ਸੱਚ ਸਾਬਤ ਹੋ ਗਈ। ਲੱਗਦੈ ਹੁਣ ਇਹ ਸਰਕਾਰੀ ਖਰਚਾ ਫਿਰ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਕੀ ਕਰੀਏ ਇਨ੍ਹਾਂ ਦਾ, ਮੇਰੇ 32 ਦੰਦ ਹਨ। ਮੈਂ ਜਦੋਂ ਕੁਝ ਗੱਲਾਂ ਕਹਿ ਦਿੰਦਾ ਹਾਂ ਉਹ ਬਾਅਦ ਵਿਚ ਸੱਚੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਇਹ ਤੋੜਨ ਲੱਗੇ ਸਨ ਤਾਂ ਉਸ ਸਮੇਂ ਮੇਰੇ ਮੂੰਹ ਵਿਚੋਂ ਨਿਕਲਿਆ ਸੀ ਕਿ 2025-26 ਦੇ ਨੇੜੇ ਜਾ ਕੇ ਇਹ ਸਾਰੇ ਪਾਗਲ ਹੋ ਜਾਣਗੇ ਅਤੇ ਹੁਣ ਪਾਗਲ ਤਾਂ ਇਹ ਹੋ ਗਏ ਹਨ। ਮੈਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਬਿਆਨ ਦੇ ਰਹੇ ਹਨ, ਨਵਾਂ ਖ਼ਰਚਾ ਕਰਵਾਉਣਗੇ। ਸਰਕਾਰੀ ਪਾਗਲਖਾਨਾ ਬਣਾਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਕੁੱਝ ਕਹਿਣਗੇ ਕਿ ਇਨ੍ਹਾਂ ਨੂੰ ਰੋਹਤਕ ਭੇਜ ਦਿਓ ਪਰ ਉਹ ਵੀ ਇਨ੍ਹਾਂ ਨੂੰ ਕਿਉਂ ਰੱਖਣਗੇ। ਉਹ ਕਹਿਣਗੇ ਕਿ ਤੁਸੀਂ ਕਮਲੇ ਕੀਤੇ ਹਨ ਤਾਂ ਆਪ ਹੀ ਸਾਂਭੋ ਤੁਸੀਂ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਇਹ ਹੁਣ ਨਾਰਮਲ ਦਿਮਾਗ ਵਾਲੇ ਨਹੀਂ ਰਹੇ, ਪੂਰੇ ਪਾਗਲ ਹੋ ਗਏ ਹਨ। ਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਰਾਜਾ ਵੜਿੰਗ ਤਾਂ ਲੱਗਦਾ ਹੈ ਨਵਜੋਤ ਸਿੱਧੂ ਦਾ ਟੂਣਾ ਟੱਪ ਗਏ ਹਨ, ਇਸ ਲਈ ਰੋਜ਼ ਨਵੇਂ ਪੰਗੇ ਪਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਤੋਂ ਮੁੱਖ ਤੀਰਥ ਯਾਤਰਾ ਤਹਿਤ ਜਥੇ ਨੂੰ ਰਵਾਨਾ ਕਰਨ ਲਈ ਪੁੱਜੇ ਹੋਏ ਸਨ।

