
ਬਠਿੰਡਾ ਤੋਂ ਖੇਡ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਐ। ਹਲਕਾ ਮੋੜ ਮੰਡੀ ਦੇ ਪਿੰਡ ਕੋਟਲੀ ਖੁਰਦ ਵਾਸੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਦੇਹਾਂਤ ਹੋ ਗਿਆ ਐ। 35 ਸਾਲਾ ਜੀਤ ਕੋਟਲੀ ਕੁੱਝ ਦਿਨ ਪਹਿਲਾਂ ਇਨਫੈਕਸ਼ਨ ਵਧਣ ਕਾਰਨ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸੰਖੇਪ ਬਿਮਾਰੀ ਤੋਂ ਬਾਅਦ ਉਸ ਦਾ ਦੇਹਾਂਤ ਹੋ ਗਿਆ ਐ। ਮ੍ਰਿਤਕ ਚਾਰ ਭੈਣਾ ਦਾ ਇਕਲੌਤਾ ਭਰਾ ਸੀ। ਹੈ। ਜੀਤ ਕੋਟਲੀ ਦਾ ਅੰਤਿਮ ਸੰਸਕਾਰ ਪਿੰਡ ਕੋਟਲੀ ਖੁਰਦ ਵਿਖੇ ਕੀਤਾ ਗਿਆ, ਜਿੱਥੇ ਪਿੰਡ ਵਾਸੀਆਂ ਤੋਂ ਇਲਾਵਾ ਕਬੱਡੀ ਖਿਡਾਰੀਆਂ ਨੇ ਸ਼ਿਰਕਤ ਕੀਤੀ।
ਪਿੰਡ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਬਚਪਨ ਵਿਚ ਹੀ ਜੀਤ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਪਿਤਾ ਨੇ ਉਸ 4 ਕੁੜੀਆਂ ਅਤੇ ਜੀਤ ਨੂੰ ਬਹੁਤ ਹੀ ਮੁਸ਼ਕਲ ਨਾਲ ਪਾਲਿਆ ਸੀ। ਜੀਤ ਕੋਟਲੀ ਦੀ ਬਿਮਾਰੀ ਬਾਰੇ ਉਨ੍ਹਾਂ ਕਿਹਾ ਕਿ ਕੁਝ ਕੁ ਦਿਨ ਪਹਿਲਾਂ ਉਸ ਨੂੰ ਕੁਝ ਇਨਫੈਕਸ਼ਨ ਵਧੀ ਜਿਸ ਕਾਰਨ ਗੁਰਦਿਆਂ ਨੂੰ ਨੁਕਸਾਨ ਹੋਇਆ ਜਿਸ ਦੇ ਚਲਦਿਆਂ ਜੀਤ ਕੋਟਲੀ ਨੂੰ ਬਠਿੰਡਾ ਦੇ ਗੋਲਡਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਅੱਜ ਸਵੇਰ ਜੀਤ ਦੀ ਮੌਤ ਹੋ ਗਈ।
ਚਾਰ ਭੈਣਾਂ ਦੇ ਇਕਲੌਤੇ ਭਰਾ ਜੀਤ ਕੋਟਲੀ ਆਪਣੇ ਪਿੱਛੇ ਪਿਤਾ,ਪਤਨੀ ਅਤੇ ਇਕ ਪੁੱਤਰ ਅਤੇ ਇਕ ਧੀ ਛੱਡ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜੀਤ ਬਹੁਤ ਹੋਣਹਾਰ ਲੜਕਾ ਸੀ ਜਿਸ ਦੇ ਪਿੰਡ ਦਾ ਨਾਮ ਅੰਤਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ। ਪਿੰਡ ਵਾਸੀਆਂ ਅਤੇ ਸੰਸਕਾਰ ਮੌਕੇ ਆਏ ਹੋਏ ਕਬੱਡੀ ਖਿਡਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੀਤ ਕੋਟਲੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ ਵੀ ਕੀਤੀ ਜਾਵੇ। ਜੀਤ ਕੋਟਲੀ ਦੇ ਦਿਹਾਂਤ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਦਿਆਲ ਸੋਢੀ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਜਗਸੀਰ ਸ਼ਰਮਾ ਕੋਟਲੀ ਆਦਿ ਨੇ ਵੀ ਦੁੱਖ ਜ਼ਾਹਰ ਕਰਦੇ ਹੋਏ ਦੁੱਖੀ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ।


