
ਕੁਰਾਲੀ ’ਚ ਇਕ ਕਾਰ ਸਵਾਰ ਵੱਲੋਂ ਪਨਬੱਸ ਡਰਾਈਵਰ ਦੀ ਜਾਨ ਲੈਣ ਦਾ ਮਾਮਲਾ ਗਰਮਾ ਗਿਆ ਐ। ਪੰਜਾਬ ਰੋਡਵੇਡ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਐ। ਇਸੇ ਤਹਿਤ ਅੱਜ ਸਰਕਾਰੀ ਬੱਸਾਂ ਦੇ ਮੁਲਾਜਮਾਂ ਨੇ ਜਲੰਧਰ ਵਿਖੇ ਧਰਨਾ ਦੇ ਇਨਸਾਫ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਅਜੇ ਉਨ੍ਹਾਂ ਨੇ ਜਲੰਧਰ ਵਿਖੇ ਹੀ ਧਰਨਾ ਦਿੱਤਾ ਐ ਅਤੇ ਜੇਕਰ ਦੋਸ਼ੀ ਖਿਲਾਫ ਛੇਤੀ ਕਾਰਵਾਈ ਨਾ ਹੋਈ ਤਾਂ ਮੁਲਾਜਮ ਜਥੇਬੰਦੀਆਂ ਨੈਸ਼ਨਲ ਹਾਈਵੇ ਜਾਮ ਕਰ ਕੇ ਪੱਕਾ ਧਰਨਾ ਲਾ ਦੇਣਗੇ।
ਦੱਸਣਯੋਗ ਐ ਕਿ ਕੁਰਾਲੀ ਵਿਖੇ ਪਨਬੱਸ ਡਰਾਈਵਰ ਨੇ ਸਾਈਡ ਲੈਣ ਖਾਤਰ ਹਾਰਨ ਵਜਾਇਆ ਸੀ, ਜਿਸ ਨੂੰ ਲੈ ਕੇ ਬਲੈਰੋ ਗੱਡੀ ਸਵਾਰ ਨੇ ਬਹਿਸ਼ ਤੋਂ ਬਾਅਦ ਰੋਡਵੇਜ ਡਰਾਈਵਰ ਨੂੰ ਰਾਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਸਰਕਾਰੀ ਬੱਸਾਂ ਦੇ ਸਟਾਫ ਨੇ ਸਰਕਾਰ ਤੋਂ ਸੁਰੱਖਿਆ ਮੁਹੱਈਆਂ ਕਰਵਾਉਣ ਦੀ ਮੰਗ ਕਰਨ ਦੇ ਨਾਲ ਨਾਲ ਘਟਨਾ ਲਈ ਜ਼ਿੰਮੇਵਾਰ ਸਖਸ਼ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਮੰਗ ਮੰਨੀ ਗਈ ਤਾਂ ਸਰਕਾਰੀ ਬੱਸਾਂ ਦੇ ਮੁਲਾਜਮ ਸੰਘਰਸ਼ ਨੂੰ ਪੰਜਾਬ ਪੱਧਰੀ ਕਰਨ ਦੇ ਨਾਲ ਨਾਲ ਹਾਈਵੇ ਜਾਮ ਕਰ ਕੇ ਪੱਕਾ ਧਰਨਾ ਲਾ ਦੇਣਗੇ।


