ਪੰਜਾਬ ਬਰਨਾਲਾ ’ਚ ਪੰਚਾਇਤੀ ਫੰਡਾਂ ਦੀ ਵਰਤੋਂ ਦਾ ਮੁੱਦਾ ਗਰਮਾਇਆ; ਲੋਕਾਂ ਨੇ ਫੰਡ ਹੜ੍ਹ ਪੀੜਤਾਂ ਲਈ ਵਰਤਣ ਦਾ ਕੀਤਾ ਵਿਰੋਧ; ਪਿੰਡ ਵਾਸੀਆਂ ਤੇ ਕਿਸਾਨਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ By admin - November 4, 2025 0 46 Facebook Twitter Pinterest WhatsApp ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਪੰਚਾਇਤੀ ਫੰਡਾਂ ਦੀ ਹੜ੍ਹ ਪੀੜਤਾਂ ਲਈ ਵਰਤੋਂ ਦਾ ਮੁੱਦਾ ਗਰਮਾ ਗਿਆ ਐ। ਪਿੰਡ ਦੀ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਫੰਡਾਂ ਦੀ ਵਰਤੋਂ ਪਿੰਡ ਦੇ ਵਿਕਾਸ ਕੰਮਾਂ ਤੇ ਕਰਨ ਦੀ ਮੰਗ ਕੀਤੀ ਐ। ਦੱਸ ਦਈਏ ਕਿ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਪੰਚਾਇਤੀ ਫੰਡ ਦੇ 13 ਲੱਖ ਰਾਸ਼ੀ ਨੂੰ ਹੜ ਪੀੜਤਾਂ ਨੂੰ ਦੇਣ ਦੇ ਹੁਕਮ ਦਿੱਤੇ ਸੀ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਪੰਚਾਇਤ ਨੇ ਮਤਾ ਪਾਸ ਕਰ ਕੇ ਪੰਚਾਇਤੀ ਫੰਡਾਂ ਦੀ ਵਰਤੋਂ ਪਿੰਡ ਅੰਦਰ ਹੀ ਕਰਨ ਦੀ ਮੰਗ ਕੀਤੀ ਐ। ਡੀਸੀ ਦਫਤਰ ਬਰਨਾਲਾ ਵਿੱਚ ਪਹੁੰਚੇ ਪਿੰਡ ਫਤਿਹਗੜ੍ਹ ਛੰਨਾ ਦੇ ਸਰਪੰਚ, ਪਿੰਡ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਥੇਬੰਦੀ ਦੇ ਆਗੂਆਂ ਸਮੇਤ ਨੰਬਰਦਾਰਾ ਵੱਲੋਂ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿੰਡ ਫਤਿਹਗੜ੍ਹ ਛੰਨਾ ਦੇ ਫੰਡਾਂ ਨੂੰ ਹੜ ਪ੍ਰਭਾਵਿਤ ਲੋਕਾਂ ਲਈ ਸਰਕਾਰ ਨੂੰ ਨਾ ਦੇ ਕੇ ਪਿੰਡ ਦੇ ਵਿਕਾਸ ਕਾਰਜਾਂ ਉਪਰ ਵਰਤੋ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਰਾਜਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਕਿਸਾਨ ਆਗੂ ਬਲੋਰ ਸਿੰਘ ਛੰਨਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਆਗੂ ਨਿਰਮਲ ਸਿੰਘ ਅਤੇ ਕਿਸਾਨ ਆਗੂ ਹਰਪਾਲ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਕਈ ਸਾਲ ਪਹਿਲਾਂ ਸਰਕਾਰ ਵੱਲੋਂ ਪਿੰਡ ਫਤਿਹਗੜ੍ਹ ਛੰਨਾ ਦੀ ਜਮੀਨ ਰਿਕਵਾਇਰ ਕੀਤੀ ਗਈ ਸੀ। ਰਿਕਵਾਇਰ ਕੀਤੀ ਗਈ ਜਮੀਨ ਦਾ ਪੰਚਾਇਤੀ ਫੰਡ ਇਕੱਠਾ ਹੋ ਰਿਹਾ ਹੈ। ਜਿਸ ਫੰਡ ਵਿੱਚੋਂ ਪਿੰਡ ਦੀ ਤਰੱਕੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਇਸ ਫੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿੰਡ ਲਈ ਪੰਚਾਇਤੀ ਜਮੀਨ ਵੀ ਖਰੀਦਣੀ ਹੈ। ਉਹਨਾਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਮੁਆਵਜ਼ਾ ਕਰਨ ਦੇ ਵੱਡੇ ਦਾਅਵੇ ਅਤੇ ਵਾਅਦੇ ਕਰ ਰਹੀ ਹੈ ਉੱਥੇ ਪਿੰਡ ਪੰਚਾਇਤ ਦੇ ਪੰਚਾਇਤੀ ਫੰਡ ਵਿੱਚੋਂ 13 ਲੱਖ ਰੁਪਏ ਹੜ ਪੀੜਤਾਂ ਲਈ ਮੰਗੇ ਜਾ ਰਹੇ ਹਨ। ਜਦ ਇਸ ਦਾ ਪਿੰਡ ਦੀ ਸਰਪੰਚ ਵੱਲੋਂ ਵਿਰੋਧ ਕੀਤਾ ਗਿਆ ਅਤੇ ਪਿੰਡ ਦਾ ਪੈਸਾ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚਣ ਲਈ ਕਿਹਾ ਗਿਆ ਤਾਂ ਪਿੰਡ ਦੀ ਸਰਪੰਚ ਬਦਲਣ ਨੂੰ ਬਦਲ ਕੇ ਪਿੰਡ ਦਾ ਪ੍ਰਬੰਧਕ ਲਾਉਣ ਦਾ ਦਬਾਅ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਫਤਿਹਗੜ੍ਹ ਛੁੰਨਾ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ। ਇਸ ਇਕੱਠ ਵਿੱਚ ਇਹ ਸਹਿਮਤੀ ਪ੍ਰਗਟਾਈ ਗਈ ਅਤੇ ਪਿੰਡ ਪੰਚਾਇਤ ਵੱਲੋਂ ਇੱਕ ਮਤਾ ਵੀ ਪਾਸ ਕੀਤਾ ਗਿਆ ਕਿ ਪਿੰਡ ਦੀ ਰਿਕਵਾਇਰ ਕੀਤੀ ਗਈ ਜਮੀਨ ਦੇ ਫੰਡ ਵਿੱਚੋਂ ਸਰਕਾਰ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਜਾਵੇਗਾ। ਇਹ ਪੈਸਾ ਸਿਰਫ ਪਿੰਡ ਦੇ ਵਿਕਾਸ ਕਾਰਜਾਂ ਲਈ ਹੀ ਖਰਚ ਕੀਤਾ ਜਾਵੇਗਾ ਅਤੇ ਪਿੰਡ ਦੀ ਜਮੀਨ ਖਰੀਦਣ ਲਈ ਵੀ ਇਸ ਨਾਲ ਪੈਸਿਆਂ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਉਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿੰਡ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਦੀ ਹਾਜਰੀ ਵਿੱਚ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਸਰਕਾਰ ਨੂੰ 13 ਲੱਖ ਰੁਪਏ ਨਾ ਦੇਣ ਦਾ ਮਤਾ ਪਾਇਆ ਗਿਆ ਹੈ। ਤਾਂ ਜੋ ਪਿੰਡ ਦਾ ਪੈਸਾ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਆਪਣੇ ਤੌਰ ਤੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰੇ ਨਾ ਕਿ ਪਿੰਡ ਦੀਆਂ ਪੰਚਾਇਤਾਂ ਦਾ ਇਕੱਠਾ ਕੀਤਾ ਹੋਇਆ ਫੰਡ ਹੜ ਪ੍ਰਭਾਵਿਤ ਲੋਕਾਂ ਲਈ ਵਰਤਿਆ ਜਾਵੇ।। ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਪਿੰਡ ਦੇ ਵਿਕਾਸ ਕਾਰਜਾਂ ਲਈ ਇਕੱਠਾ ਕੀਤਾ ਗਿਆ ਫੰਡ ਦੀ ਦੁਰਵਰਤੋਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਸੰਘਰਸ਼ ਉਲਿਕਣਗੀਆਂ। ਇਸ ਮਾਮਲੇ ਨੂੰ ਲੈ ਕੇ ਜਿੱਥੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਮੋਬਾਇਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਗੱਲਬਾਤ ਕਰਨਾ ਮੁਨਾਸਬ ਨਹੀਂ ਸਮਝਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਪ ਸਰਕਾਰ ਵਲੋ ਪਿੰਡ ਪੰਚਾਇਤ ਉੱਪਰ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿੱਚੋਂ ਨਿਖੇਦੀ ਕੀਤੀ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿੰਡ ਫਤਿਹਗੜ੍ਹ ਛੰਨਾ ਪਿੰਡ ਨਾਲ ਚਟਾਨ ਵਾਂਗ ਖੜੀ ਹੈ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।