ਅੰਮ੍ਰਿਤਸਰ ਪਹੁੰਚੀ ਬੜਾ ਕਰਾਰਾ ਪੁਦਨਾ ਦੀ ਸਟਾਰ ਕਾਸਟ; ਪਰਿਵਾਰਕ ਪਿਆਰ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਫਿਲਮ; ਉਪਾਸਨਾ ਸਿੰਘ ਬੋਲੇ, ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ, ਕੋਈ ਵੀ ਡੋਬ ਨਹੀਂ ਸਕਦਾ

0
20

 

ਪੰਜਾਬੀ ਫਿਲਮ ਬੜਾ ਕਰਾਰਾ ਪੁਦਨਾ ਦੀ ਸਟਾਰ ਕਾਸਟ ਅੱਜ ਅੰਮ੍ਰਿਤਸਰ ਪਹੁੰਚੀ, ਜਿੱਥੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਕੀਤੀ। ਪਰਿਵਾਰਕ ਪਿਆਰ, ਭੈਣ-ਭਰਾ ਦੇ ਰਿਸ਼ਤੇ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇਹ ਫਿਲਮ 7 ਨਵੰਬਰ ਨੂੰ ਸਾਰੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਅਗਵਾਈ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ, ਮੰਨਤ ਸਿੰਘ ਅਤੇ ਸ਼ਿਬਾ ਕਰ ਰਹੀਆਂ ਹਨ। ਇਹ ਤਿੰਨੋਂ ਕਲਾਕਾਰ ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਮਿਲੇ ਅਤੇ ਫਿਲਮ ਬਾਰੇ ਖਾਸ ਗੱਲਾਂ ਸਾਂਝੀਆਂ ਕੀਤੀਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਪਾਸਨਾ ਸਿੰਘ ਨੇ ਕਿਹਾ ਕਿ ਬੜਾ ਕਰਾਰਾ ਪੁਦਨਾ ਇੱਕ ਐਸੀ ਕਹਾਣੀ ਹੈ ਜੋ ਹਰ ਘਰ ਦੇ ਦਿਲ ਨੂੰ ਛੂਹੇਗੀ, ਕਿਉਂਕਿ ਇਹ ਪਰਿਵਾਰ ਦੇ ਅੰਦਰਲੇ ਪਿਆਰ, ਭਰੋਸੇ ਅਤੇ ਆਪਸੀ ਸਮਝ ਦੀ ਗੱਲ ਕਰਦੀ ਹੈ। ਫਿਲਮ ਦੀ ਕਹਾਣੀ ਛੇ ਭੈਣਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ-ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਜ਼ਿੰਦਗੀ ਦੇ ਵੱਖ-ਵੱਖ ਮੋੜਾਂ ‘ਤੇ ਇਕੱਠਿਆਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ। ਕਹਾਣੀ ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਿਆਰ ਅਤੇ ਸਮਝਦਾਰੀ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ। ਇਹ ਜਜ਼ਬਾਤੀ ਕਹਾਣੀ ਦਰਸ਼ਕਾਂ ਨੂੰ ਨਾ ਸਿਰਫ ਹਸਾਏਗੀ ਸਗੋਂ ਕਈ ਪਲਾਂ ‘ਤੇ ਅੱਖਾਂ ਭੀ ਨਮੀ ਕਰ ਜਾਵੇਗੀ। ਫਿਲਮ ਇੱਕ ਮਰਾਠੀ ਸੁਪਰਹਿੱਟ ਫਿਲਮ ਦਾ ਪੰਜਾਬੀ ਰਿਮੇਕ ਹੈ, ਪਰ ਇਸ ਵਿੱਚ ਪੰਜਾਬੀ ਤੜਕਾ ਅਤੇ ਸੱਭਿਆਚਾਰ ਦੀ ਖੁਸ਼ਬੂ ਜੋੜੀ ਗਈ ਹੈ। ਡਾਇਰੈਕਟਰ ਨੇ ਪੰਜਾਬ ਦੇ ਲੋਕ-ਜੀਵਨ, ਬੋਲ-ਚਾਲ ਅਤੇ ਰੰਗਾਂ ਨੂੰ ਬਖੂਬੀ ਪਰਦੇ ‘ਤੇ ਉਤਾਰਿਆ ਹੈ।
ਉਪਾਸਨਾ ਸਿੰਘ ਨੇ ਹੜਾਂ ਨਾਲ ਜੁੜੇ ਸਵਾਲ ‘ਤੇ ਕਿਹਾ, “ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ, ਇਸਨੂੰ ਕੋਈ ਵੀ ਡੋਬ ਨਹੀਂ ਸਕਦਾ। ਪੰਜਾਬੀ ਲੋਕ ਹੌਸਲੇ ਵਾਲੇ ਨੇ, ਅਸੀਂ ਹਰ ਮੁਸ਼ਕਲ ਤੋਂ ਉੱਠ ਕੇ ਹੋਰ ਮਜ਼ਬੂਤ ਬਣਦੇ ਹਾਂ।” ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ 7 ਨਵੰਬਰ ਨੂੰ ਆਪਣੇ ਪਰਿਵਾਰ ਸਮੇਤ ਸਿਨੇਮਾਘਰਾਂ ਵਿੱਚ ਜਾ ਕੇ ਇਹ ਫਿਲਮ ਜ਼ਰੂਰ ਦੇਖਣ। ਫਿਲਮ ਨਾ ਸਿਰਫ ਮਨੋਰੰਜਨ ਦੇਵੇਗੀ, ਸਗੋਂ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਮੁੱਲਾਂ ਨੂੰ ਵੀ ਉਭਾਰੇਗੀ। ਦਰਸ਼ਕਾਂ ਵਿੱਚ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਖਾਸ ਰੁਚੀ ਦੇਖੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬੜਾ ਕਰਾਰਾ ਪੁਦਨਾ ਪੰਜਾਬੀ ਸਿਨੇਮਾ ਵਿੱਚ ਪਰਿਵਾਰਕ ਫਿਲਮਾਂ ਦੀ ਇੱਕ ਨਵੀਂ ਲਹਿਰ ਲਿਆਵੇਗੀ।

LEAVE A REPLY

Please enter your comment!
Please enter your name here