ਥਾਣਾ ਰਾਜਾਸਾਂਸੀ ਅੱਗੇ ਵਾਲਮੀਕੀ ਸੰਗਠਨਾਂ ਦਾ ਪ੍ਰਦਰਸ਼ਨ; ਮਜਹਬੀ ਸਿੱਖਾਂ ਨਾਲ ਵਿਤਕਰਾ ਮਾਮਲੇ ’ਚ ਮੰਗੀ ਕਾਰਵਾਈ; ਪ੍ਰਸ਼ਾਸਨ ’ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ

0
61

 

ਪਿੰਡ ਹਰਸ਼ਛੀਨਾ ਉੱਚਾ ਕਲਾਂ ਦੇ ਗੁਰਦੁਆਰਾ ਵਿਵਾਦ ਦੌਰਾਨ ਮਜਬੀ ਸਿੱਖਾਂ ਨਾਲ ਹੋਏ ਵਿਤਕਰੇ ਦੇ ਮੁੱਦਾ ਲਗਾਤਾਰ ਗਰਮਾਇਆ ਹੋਇਆ ਐ। ਇਸੇ ਨੂੰ ਲੈ ਕੇ ਵਾਲਮੀਕੀ ਸੰਗਠਨਾਂ ਵੱਲੋਂ ਅੱਜ ਥਾਣਾ ਰਾਜਾਸਾਂਸੀ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜਾਮ ਸੀ ਕਿ ਗੁਰਦੁਆਰਾ ਵਿਵਾਦ ਦੌਰਾਨ ਮਜਬੀ ਸਿੱਖਾਂ ਨਾਲ ਵਿਤਕਰੇ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਅੰਦਰ ਬੇਅਦਬੀ ਵੀ ਹੋਈ ਪਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਉਨ੍ਹਾਂ  ਕਿਹਾ ਕਿ ਜੇਕਰ ਛੇਤੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕੀ ਸ਼ਕਤੀ ਦਲ ਦੇ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਪਿੰਡ ਹਰਸ਼ਸ਼ੀਨਾ ਉੱਚਾ ਕਲਾਂ ਵਿੱਚ ਹੋਏ ਗੁਰਦੁਆਰਾ ਵਿਵਾਦ ਦੌਰਾਨ ਉਨ੍ਹਾਂ ਦੇ ਸਮਾਜ ਨਾਲ ਨਾ ਸਿਰਫ਼ ਜਾਤੀ ਵਿਤਕਰਾ ਕੀਤਾ ਗਿਆ, ਸਗੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਵੀ ਹੋਈ। ਰਡਾਲਾ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਗੱਲਬਾਤ ਲਈ ਸੱਦ ਕੇ ਉਨ੍ਹਾਂ ਨਾਲ ਥਾਂ ‘ਤੇ ਗੁੰਡਾਗਰਦੀ ਕੀਤੀ ਗਈ, ਇੱਟਾਂ ਰੋੜੇ ਚਲਾਏ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ ਗਿਆ। ਇਸ ਘਟਨਾ ਵਿੱਚ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸਦਾ ਇਲਾਜ ਇਸ ਵੇਲੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ।
ਜੈਮਲ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਅਤੇ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਜਾਤੀ ਸੂਚਕ ਸ਼ਬਦ ਵਰਤੇ ਗਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮਾਮਲੇ ‘ਤੇ ਪ੍ਰਸ਼ਾਸਨ ਕੋਲ ਸਾਰੇ ਸਬੂਤ ਮੌਜੂਦ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਾਪਦੈ, ਸਿਆਸੀ ਦਬਾਅ ਕਾਰਨ ਕਾਰਵਾਈ ਰੁਕੀ ਹੋਈ ਹੈ। ਇਸ ਦੌਰਾਨ, ਮਜਹਬੀ ਸਿੱਖ ਭਾਈਚਾਰੇ ਦੇ ਮੈਂਬਰ ਜਸਪਾਲ ਸਿੰਘ ਭਿੰਡਾ ਨੇ ਮੀਡੀਆ ਨੂੰ ਦੱਸਿਆ ਕਿ ਦਿਵਾਲੀ ਦੇ ਮੌਕੇ ‘ਤੇ ਉਨ੍ਹਾਂ ਦੇ ਗੁਰਦੁਆਰੇ ਨੂੰ ਸਜਾਉਣ ਤੋਂ ਕਮੇਟੀ ਨੇ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਾਤੀ ਵਿਤਕਰੇ ਵਿਰੁੱਧ ਪੋਸਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਸੱਦ ਕੇ ਹਮਲਾ ਕੀਤਾ ਗਿਆ।
ਧਰਨੇ ਦੌਰਾਨ ਸੰਗਠਨ ਨੇ ਪ੍ਰਸ਼ਾਸਨ ਨੂੰ ਦੋ ਘੰਟਿਆਂ ਦੀ ਮਿਆਦ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਡ ਜਾਮ ਅਤੇ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ। ਦੋਵਾਂ ਪੱਖਾਂ ਦੀ ਗੱਲ ਸੁਣੀ ਜਾਵੇਗੀ ਅਤੇ ਜੋ ਵੀ ਕਾਨੂੰਨ ਅਨੁਸਾਰ ਹੋਵੇਗਾ, ਉਹੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here