ਅੰਮ੍ਰਿਤਸਰ ’ਚ ਵਿਦੇਸ਼ੀ ਸੈਲਾਨੀ ਕਰ ਰਿਹਾ ਸਫਾਈ ਦੀ ਸੇਵਾ; ਕੂੜੇ ’ਚੋਂ ਸਤਿਕਾਰ ਨਾਲ ਅਲੱਗ ਕੀਤੀਆਂ ਧਾਰਮਿਕ ਵਸਤਾਂ; ਲੋਕਾਂ ਨੂੰ ਸਫਾਈ ਰੱਖਣ ਦਾ ਦਿੱਤਾ ਸੁਨੇਹਾ

0
18

 

ਦੀਵਾਲੀ ਤੋਂ ਬਾਅਦ ਗਲੀਆਂ-ਬਾਜਾਰਾਂ ਅੰਦਰ ਅਕਸਰ ਹੀ ਕੂੜੇ ਦੇ ਢੇਰ ਦਿਖਾਈ ਦਿੰਦੇ ਨੇ ਜਿਨ੍ਹਾਂ ਵਿਚ ਧਾਰਮਿਕ ਸਮੱਗਰੀ ਤੇ ਲਿਟਰੇਚਰ ਵੀ ਪਿਆ ਮਿਲਦਾ ਐ। ਗੁਰੂ ਨਗਰੀ ਅੰਮ੍ਰਿਤਸਰ ਵਿਖੇ ਇਕ ਸੈਲਾਨੀ ਵੱਲੋਂ ਸ਼ਹਿਰ ਅੰਦਰ ਪਏ ਅਜਿਹੇ ਕੂੜੇ ਦੀ ਸਾਫ-ਸਫਾਈ ਦੀ ਸੇਵਾ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਉਸ ਨੇ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਨੇੜੇ ਸਫਾਈ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਗਰੇਜ ਸੈਲਾਨੀ ਨੇ ਕਿਹਾ ਕਿ ਉਸ ਨੂੰ ਅੰਮ੍ਰਿਤਸਰ ਸ਼ਹਿਰ ਬਹੁਤ ਪਸੰਦ ਐ, ਇਸ ਲਈ ਉਹ ਸ਼ਹਿਰ ਦੀ ਸਫਾਈ ਵਿਚ ਆਪਣਾ ਯੋਗਦਾਨ ਪਾ ਰਿਹਾ ਐ। ਉਸ ਨੇ ਸਥਾਨਕ ਵਾਸੀਆਂ ਨੂੰ ਵੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ।
ਜਾਣਕਾਰੀ ਅਨੁਸਾਰ ਇਹ ਅੰਗਰੇਜ਼ ਸੈਲਾਨੀ ਹਰੇਕ ਸਾਲ ਭਾਰਤ ਆਉਂਦਾ ਹੈ ਅਤੇ ਖਾਸ ਤੌਰ ‘ਤੇ ਅੰਮ੍ਰਿਤਸਰ ਵਿੱਚ ਆ ਕੇ ਸੇਵਾ ਕਰਨ ਵਿਚ ਉਸ ਨੂੰ ਵਿਸ਼ੇਸ਼ ਸੁਖ ਪ੍ਰਾਪਤ ਹੁੰਦਾ ਐ। ਇਸ ਦੌਰਾਨ ਉਸਨੇ ਕੂੜੇ ਦੇ ਢੇਰਾਂ ਵਿੱਚੋਂ ਧਾਰਮਿਕ ਪੋਸਟਰ ਵੇਖੇ, ਜਿਨ੍ਹਾਂ ਨੂੰ ਉਸਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸਾਈਡ ਤੇ ਰੱਖ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ, ਧਰਮ ਨਾਲ ਜੁੜੀ ਕਿਸੇ ਵੀ ਚੀਜ਼ ਦਾ ਆਦਰ ਕਰਨਾ ਮਨੁੱਖਤਾ ਦੀ ਪਹਚਾਨ ਹੈ। ਉਸਨੇ ਇਹ ਵੀ ਕਿਹਾ ਕਿ ਸਫਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਉਸ ਨੇ ਕਿਹਾ ਕਿ ਭਾਰਤ ਇੱਕ ਆਧਿਆਤਮਿਕ ਦੇਸ਼ ਹੈ, ਇੱਥੇ ਦੇ ਧਾਰਮਿਕ ਸਥਾਨਾਂ ਦੀ ਸਫਾਈ ਤੇ ਸ਼ੁੱਧਤਾ ਕਾਇਮ ਰੱਖਣਾ ਸਭ ਦਾ ਫਰਜ਼ ਹੈ।  ਇਸ ਮੌਕੇ ‘ਤੇ ਸਥਾਨਕ ਨੌਜਵਾਨ ਗੌਰਵਜੀਤ ਪਸਰੀਚਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਵਿਦੇਸ਼ੀ ਸੈਲਾਨੀ ਨੂੰ ਸਫਾਈ ਕਰਦਾ ਦੇਖਿਆ ਤਾਂ ਖੁਦ ਵੀ ਉਸਦੇ ਨਾਲ ਜੁੜ ਗਿਆ। ਉਸਨੇ ਕਿਹਾ ਕਿ ਇੱਕ ਵਿਦੇਸ਼ੀ ਜਦੋਂ ਆ ਕੇ ਸਾਡਾ ਸ਼ਹਿਰ ਸਾਫ ਕਰ ਰਿਹਾ ਹੈ ਤਾਂ ਇਹ ਸਾਡੇ ਲਈ ਪ੍ਰੇਰਨਾ ਹੈ। ਦਿਵਾਲੀ ਦੇ ਦਿਨ ਤਾਂ ਹਰ ਕੋਈ ਘਰ ਸਾਫ ਕਰਦਾ ਹੈ ਪਰ ਅਗਲੇ ਦਿਨ ਸਭ ਭੁੱਲ ਜਾਂਦੇ ਨੇ ਇਸ ਲਈ ਸਫਾਈ ਦੀ ਇਹ ਸੇਵਾ ਸਾਲ ਦੇ ਹਰ ਦਿਨ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here