ਜਲੰਧਰ ਵਿਖੇ ਵਰਿੰਦਰ ਘੁੰਮਣ ਨਮਿਤ ਅੰਤਮ ਅਰਦਾਸ ਸਮਾਗਮ; ਸਾਥੀ ਕਲਾਕਾਰਾਂ ਤੇ ਅਹਿਮ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

0
59

 

ਮਰਹੂਮ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਨਮਿਤ ਅੰਤਮ ਅਰਦਾਸ ਸਮਾਗਮ ਅੱਜ ਜਲੰਧਰ ਜੇ ਮਾਡਲ ਹਾਊਸ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਸਮਾਗਮ ਵਿਚ ਪਰਿਵਾਰ ਤੋਂ ਇਲਾਵਾ ਸਾਥੀ ਕਲਾਕਾਰਾਂ ਤੇ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸ ਦਈਏ ਕਿ ਵਰਿੰਦਰ ਘੁੰਮਣ ਦੀ ਮੌਤ 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਪਰਿਵਾਰ ਨੇ ਘਟਨਾ ਲਈ ਹਸਪਤਾਲ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਅੰਤਮ ਅਰਦਾਸ ਵਿਚ ਸ਼ਾਮਲ ਹਸਤੀਆਂ ਨੇ ਪਰਿਵਾਰ ਨਾਲ ਇਨਸਾਫ ਵਿਚ ਇਕਜੁਟਤਾ ਜਾਹਰ ਕੀਤੀ ਐ।
ਹਸਪਤਾਲ ਦੀ ਰਿਪੋਰਟ ਅਨੁਸਾਰ, 6 ਅਕਤੂਬਰ ਨੂੰ ਵਰਿੰਦਰ ਘੁੰਮਣ ਨੂੰ ਦਰਦ ਅਤੇ ਸੱਜੇ ਮੋਢੇ ਨੂੰ ਹਿਲਾਉਣ ਵਿੱਚ ਮੁਸ਼ਕਲ ਨਾਲ ਹਸਪਤਾਲ ਲਿਆਂਦਾ ਗਿਆ ਸੀ। ਜਾਂਚ ਤੋਂ ਬਾਅਦ, ਡਾਕਟਰਾਂ ਨੇ ਆਰਥਰੋਸਕੋਪਿਕ ਰੋਟੇਟਰ ਕਫ ਰਿਪੇਅਰ ਨਾਲ ਬਾਈਸੈਪਸ ਟੈਨੋਡੇਸਿਸ ਸਰਜਰੀ ਦੀ ਸਿਫਾਰਸ਼ ਕੀਤੀ। ਮਰੀਜ਼ ਨੂੰ ਹੋਰ ਕੋਈ ਗੰਭੀਰ ਬਿਮਾਰੀ ਨਹੀਂ ਸੀ।
9 ਅਕਤੂਬਰ 2025 ਨੂੰ ਜਨਰਲ ਅਨੱਸਥੀਸੀਆ ਦੇ ਤਹਿਤ ਉਸਦੀ ਯੋਜਨਾਬੱਧ ਪ੍ਰਕਿਰਿਆ ਕੀਤੀ ਗਈ। ਸਰਜਰੀ ਬਿਨਾਂ ਕਿਸੇ ਰੁਕਾਵਟ ਦੇ ਹੋਈ ਅਤੇ ਦੁਪਹਿਰ 3 ਵਜੇ ਦੇ ਕਰੀਬ ਸਥਿਰ ਮਹੱਤਵਪੂਰਨ ਮਾਪਦੰਡਾਂ ਦੇ ਨਾਲ ਪੂਰੀ ਹੋਈ। ਹਾਲਾਂਕਿ, ਦੁਪਹਿਰ 3:35 ਵਜੇ ਦੇ ਕਰੀਬ, ਉਸਨੂੰ ਦਿਲ ਦਾ ਦੌਰਾ (Heart Attack) ਪਿਆ। ਟੀਮ ਨੇ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਉਸਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਿਆ। ਉਸਨੂੰ ਸ਼ਾਮ 5:36 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ
 ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਕ ਬੋਰਡ ਅਤੇ ਪੈਨਲ ਗਠਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਪੈਨਲ ਨਿਰਪੱਖ ਜਾਂਚ ਕਰੇ, ਪਰਿਵਾਰ ਨੂੰ ਇਨਸਾਫ਼ ਦਿਵਾਏ ਅਤੇ ਪ੍ਰਸ਼ੰਸਕਾਂ ਨੂੰ ਦੱਸੇ ਕਿ ਉਨ੍ਹਾਂ ਦੀ ਮੌਤ ਕਿਸ ਕਾਰਨ ਹੋਈ। ਇਸ ਤੋਂ ਪਹਿਲਾਂ ਮੰਤਰੀ ਮਹਿੰਦਰ ਭਗਤ ਨੇ ਘੁੰਮਣ ਦੇ ਘਰ ਜਾ ਕੇ ਸੋਗ ਜਤਾਇਆ ਸੀ ਅਤੇ ਕਿਹਾ ਸੀ ਕਿ ਮੌਤ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਮਾਨ ਨਾਲ ਵੀ ਗੱਲ ਕੀਤੀ ਹੈ।
ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਸਥਿਤ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ, ਜਦੋਂ ਅਚਾਨਕ ਉਨ੍ਹਾਂ ਦੇ ਮੋਢੇ ਦੀ ਨਸ ਦੱਬ ਗਈ ਸੀ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 6 ਅਕਤੂਬਰ ਨੂੰ ਉਨ੍ਹਾਂ ਨੇ ਜਲੰਧਰ ਵਿੱਚ ਐੱਮ. ਆਰ. ਆਈ. ਕਰਵਾਈ ਸੀ। ਉਹ ਇਸ ਰਿਪੋਰਟ ਨੂੰ ਲੈ ਕੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਪਹੁੰਚੇ ਸਨ, ਜਿੱਥੇ ਡਾਕਟਰਾਂ ਨੇ 9 ਅਕਤੂਬਰ ਨੂੰ ਸਰਜਰੀ ਦਾ ਸੁਝਾਅ ਦਿੱਤਾ।
ਫੋਰਟਿਸ ਦੇ ਮੀਡੀਆ ਬੁਲੇਟਿਨ ਅਨੁਸਾਰ ਦੁਪਹਿਰ 3 ਵਜੇ ਵਰਿੰਦਰ ਘੁੰਮਣ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਸੀ ਪਰ ਲਗਭਗ 3:35 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਸ਼ਾਮ ਨੂੰ ਘੁੰਮਣ ਨੂੰ ਮ੍ਰਿਤਕ ਐਲਾਨ ਦਿੱਤਾ ਸੀ। 10 ਅਕਤੂਬਰ ਨੂੰ ਘੁੰਮਣ ਦਾ ਅੰਤਿਮ ਸੰਸਕਾਰ ਜਲੰਧਰ ਵਿੱਚ ਕੀਤਾ ਗਿਆ ਸੀ।
ਘੁੰਮਣ ਦੇ ਦੋਸਤਾਂ ਨੇ ਮੌਤ ‘ਤੇ ਸਵਾਲ ਉਠਾਏ ਸਨ ਅਤੇ ਦੋਸ਼ ਲਗਾਇਆ ਸੀ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਅਤੇ ਘੁੰਮਣ ਦੀ ਦੇਹ ਨੀਲੀ ਪੈ ਗਈ ਸੀ। ਡਾਕਟਰ ਅਨਿਕੇਤ ਨੇ ਦੱਸਿਆ ਸੀ ਕਿ ਆਪਰੇਸ਼ਨ ਦੌਰਾਨ ਅਤੇ ਬਾਅਦ ਵਿੱਚ ਦਿੱਤੀਆਂ ਗਈਆਂ ਸਾਰੀਆਂ ਦਵਾਈਆਂ ਦਾ ਰਿਕਾਰਡ ਫਾਈਲ ਵਿੱਚ ਦਰਜ ਹੈ। ਜਦੋਂ ਦੋਸਤਾਂ ਨੇ ਸੀ. ਸੀ. ਟੀ. ਵੀ. ਦੀ ਮੰਗ ਕੀਤੀ ਤਾਂ ਹਸਪਤਾਲ ਨੇ ਦੱਸਿਆ ਕਿ ਆਪਰੇਸ਼ਨ ਥੀਏਟਰ ਵਿੱਚ ਕੈਮਰਾ ਨਹੀਂ ਹੈ, ਸਿਰਫ਼ ਬਾਹਰ ਦੀ ਫੁਟੇਜ ਉਪਲੱਬਧ ਹੈ। ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਘੁੰਮਣ ਦੇ ਨਾਮ ‘ਤੇ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਦਾ ਉਦਘਾਟਨ ਛੇਤੀ ਹੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here