ਗੁਰਦਾਸਪੁਰ ’ਚ ਏਜੰਸੀ ਅੰਦਰ ਚੋਰੀ; ਲੱਖਾਂ ਦਾ ਸਾਮਾਨ ਲੈ ਕੇ ਚੋਰ ਫਰਾਰ

0
56

ਗੁਰਦਾਸਪੁਰ ਸ਼ਹਿਰ ਅੰਦਰ ਦੀਵਾਲੀ ਵਾਲੀ ਰਾਤ ਚੋਰਾਂ ਵੱਲੋਂ ਮਸ਼ਹੂਰ ਆਟੋ ਏਜੰਸੀ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਐ। ਚੋਰ ਕੰਟੀਲੀ ਤਾਰ ਕੱਟ ਕੇ ਏਜੰਸੀ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਨੇ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਏਜੰਸੀ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਸ਼ਹਿਰ ਦੇ ਗੁਰਦਾਸਪੁਰ-ਪਠਾਨਕੋਟ ਜੀਟੀ ਰੋਡ ‘ਤੇ ਸਥਿਤ ਦਾਣਾ ਮੰਡੀ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਦਾਣਾ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਵੈਦ ਆਟੋਜ਼ ਅੰਦਰ ਦਾਖਲ ਹੋਏ ਚੋਰ ਬੈਟਰੇ ਅਤੇ ਈ ਰਿਕਸ਼ਾ ਦੀਆਂ ਮੋਟਰਾਂ  ਚੋਰੀ ਕਰ ਕੇ ਲੈ ਗਏ ਨੇ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਐ।
ਏਜੰਸੀ ਮਾਲਕਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਕੁੱਝ ਸਮਾਂ ਪਹਿਲਾਂ ਹੀ ਈ ਬਾਈਕ ਦਾ ਕੰਮ ਵੀ ਸ਼ੁਰੂ ਕੀਤਾ ਹੈ। ਬੀਤੀ ਰਾਤ ਨੂੰ ਚੋਰ ਉਨ੍ਹਾਂ ਦੇ ਸ਼ੋਅਰੂਮ ਦੇ ਪਿੱਛੇ ਵਰਕਸ਼ਾਪ ਵਿੱਚ ਕੰਧ ਟੱਪ ਕੇ ਅਤੇ ਕੰਟੀਲੀ ਤਾਰ ਕੱਟ ਕੇ ਦਾਖਲ ਹੋਏ ਅਤੇ ਸੱਤ ਬੈਟਰੀਆਂ, ਤਿੰਨ ਵੱਡੀਆਂ ਝੋਨੇ ਦੀਆਂ ਮਸ਼ੀਨਾਂ ਦੀਆਂ ਪੱਖੇ ਵਾਲੀਆਂ ਮੋਟਰਾਂ ਅਤੇ 18 ਈ-ਰਿਕਸ਼ਾ ਦੀਆਂ ਮੋਟਰਾਂ ਚੋਰੀ ਕਰ ਕੇ ਲੈ ਗਏ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਦਿਨ ਪਹਿਲਾਂ ਚੋਰਾਂ ਨੇ ਉਨ੍ਹਾਂ ਦੀ ਵਰਕਸ਼ਾਪ ਤੋਂ ਕੀਮਤੀ ਤਾਰਾਂ ਵੀ ਚੋਰੀ ਕਰ ਲਈਆਂ ਸਨ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਸੀ ਕਿਉਂਕਿ ਉਸ ਵੇਲੇ ਕੈਮਰਿਆਂ ਵਿੱਚ ਕੁਝ ਨਹੀਂ ਆਇਆ ਸੀ ਪਰ ਬੀਤੀ  ਰਾਤ ਦੀ ਚੋਰੀ ਉਨ੍ਹਾਂ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੋ ਚੋਰ ਸਮਾਨ ਚੋਰੀ ਕਰਦੇ ਨਜ਼ਰ ਆ ਰਹੇ ਹਨ ਪਰ ਜਾਹਰ ਤੌਰ ਤੇ ਇੰਨਾ ਭਾਰੀ ਸਮਾਨ ਉਹ ਬਿਨਾਂ ਕਿਸੇ ਗੱਡੀ ਤੋਂ ਨਹੀਂ ਲੈ ਕੇ ਜਾ ਸਕਦੇ ਇਸ ਲਈ ਬਾਹਰ ਵੀ ਉਹਨਾਂ ਦੇ ਸਾਥੀ ਖੜੇ ਹੋਣਗੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here