
ਚੰਡੀਗੜ੍ਹ ਦੀ ਮਾਡਰਨ ਜੇਲ੍ਹ, ਬੁੜੈਲ ਵਿੱਚ ਕੈਦੀਆਂ ਵੱਲੋਂ ਬਣਾਈਆਂ ਮਠਿਆਈਆਂ ਦੀ ਮੰਗ ਚਾਰ ਗੁਣਾ ਵੱਧ ਗਈ ਹੈ। ਇਸ ਦੀਵਾਲੀ ‘ਤੇ, ਰੋਜ਼ਾਨਾ 1 ਲੱਖ ਰੁਪਏ ਦੀਆਂ ਦੀਆਂ ਮਠਿਆਈਆਂ ਵਿੱਕੀਆਂ ਨੇ ਜਦੋਂ ਕਿ ਪਿਛਲੀ ਦੀਵਾਲੀ ‘ਤੇ 30,000 ਰੁਪਏ ਦੀ ਵਿਕਰੀ ਹੋਈ ਸੀ। ਇਸ ਵਾਰ ਰੋਜ਼ਾਨਾ ਇਕ ਲੱਖ ਤੋਂ ਵਧੇਰੇ ਕੀਮਤ ਦੀਆਂ ਮਠਿਆਈਆਂ ਵਿੱਕ ਰਹੀਆਂ ਨੇ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਦੁਪਹਿਰ 12 ਵਜੇ ਤੱਕ ਵਿੱਕ ਗਈਆਂ ਹਨ। ਸੈਕਟਰ 22 ਦੇ ਸ਼ੋਅਰੂਮ ਅੱਗੇ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਜੇਲ੍ਹ ਅਧਿਕਾਰੀਆਂ ਨੇ ਗ੍ਰਾਹਕਾਂ ਦੇ ਮਿਲੇ ਹੁੰਗਾਰੇ ਤੇ ਤਸੱਲੀ ਜਾਹਰ ਕੀਤੀ ਐ।
ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਉਹ ਵੇਰਕਾ ਤੋਂ ਦੁੱਧ ਪ੍ਰਾਪਤ ਕਰਦੇ ਹਨ, ਜਿੱਥੇ ਕੈਦੀ ਵੇਰਕਾ ਦੇ ਦੁੱਧ ਤੋਂ ਖੋਆ ਤਿਆਰ ਕਰਦੇ ਹਨ। ਜੇਲ੍ਹ ਦੀ ਰਸੋਈ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਸਫਾਈ ਅਤੇ ਨਿਗਰਾਨੀ ਹੇਠ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀਵਾਲੀ ‘ਤੇ, ਰਾਜਪਾਲ ਹਾਊਸ ਤੋਂ 16 ਕੁਇੰਟਲ ਮਠਿਆਈਆਂ ਦਾ ਆਰਡਰ ਆਇਆ। ਨਗਰ ਨਿਗਮ ਨੇ ਵੀ 5,000 ਡੱਬੇ ਮਠਿਆਈਆਂ ਦਾ ਆਰਡਰ ਦਿੱਤਾ। ਇਸੇ ਤਰ੍ਹਾਂ, ਹੋਰ ਵਿਭਾਗਾਂ ਤੋਂ ਵੀ ਮਠਿਆਈਆਂ ਦੇ ਆਰਡਰ ਆਏ। ਖੁਸ਼ਬੂਦਾਰ ਮੋਮਬੱਤੀਆਂ ਚੰਗੀ ਤਰ੍ਹਾਂ ਵਿਕੀਆਂ ਹਨ।
ਜੇਲ੍ਹ ਦੇ ਕੈਦੀਆਂ ਵੱਲੋਂ ਬਣਾਈਆਂ ਗਈਆਂ ਰੰਗੀਨ ਅਤੇ ਖੁਸ਼ਬੂਦਾਰ ਮੋਮਬੱਤੀਆਂ ਦੀ ਵੀ ਚੰਗੀ ਡਿਮਾਂਡ ਐ। ਕੈਦੀਆਂ ਦੁਆਰਾ ਕੱਚ ਦੇ ਸ਼ੀਸ਼ਿਆਂ ਤੋਂ ਮੋਮਬੱਤੀਆਂ ਵੀ ਬਣਾਈਆਂ, ਜੋ ਹੱਥੋਂ ਹੱਥ ਵਿੱਕ ਗਈਆਂ ਨੇ। ਇਸ ਤੋਂ ਇਲਾਵਾ, ਕੈਦੀਆਂ ਨੇ ਤੋਹਫ਼ੇ ਵੀ ਤਿਆਰ ਕੀਤੇ, ਜਿਨ੍ਹਾਂ ਨੂੰ ਸੈਂਕੜੇ ਲੋਕਾਂ ਨੇ ਖਰੀਦਿਆ ਐ।
ਦੱਸਣਯੋਗ ਐ ਕਿ ਕੈਦੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਮਿਠਾਈਆਂ ਸੈਕਟਰ 22 ਦੇ ਨਵ-ਸ੍ਰਿਸ਼ਟੀ ਨਾਮਕ ਸ਼ੋਅਰੂਮ ਵਿੱਚ ਵੇਚੀਆਂ ਜਾਂਦੀਆਂ ਹਨ। ਖੋਆ ਬਰਫ਼ੀ, ਦੁੱਧ ਦਾ ਕੇਕ, ਸ਼ੁੱਧ ਘਿਓ ਨਾਲ ਬਣੀ ਬੇਸਨ ਦੀ ਬਰਫ਼ੀ ਅਤੇ ਜਲੇਬੀ ਦੀ ਬਹੁਤ ਮੰਗ ਹੈ। ਕੈਦੀਆਂ ਦੁਆਰਾ ਸਮੋਸੇ ਵੀ ਬਣਾਏ ਜਾਂਦੇ ਹਨ। ਸਮੋਸੇ ਆਕਾਰ ਵਿੱਚ ਕਾਫ਼ੀ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਦੀ ਕੀਮਤ 12 ਰੁਪਏ ਹੁੰਦੀ ਹੈ। ਜੇਲ੍ਹ ਪ੍ਰਸ਼ਾਸਨ ਦਾ ਇਹ ਉਪਰਾਲਾ ਕੈਦੀਆਂ ਨੂੰ ਜੇਲ੍ਹ ਅੰਦਰ ਹੁੰਨਰਮੰਦ ਬਣਾਉਣ ਵਿਚ ਸਹਾਈ ਹੋ ਰਿਹਾ ਐ। ਬਾਜ਼ਾਰ ਵਿਚ ਮਿਲਾਵਟੀ ਮਠਿਆਈਆਂ ਦੇ ਡਰ ਕਾਰਨ ਲੋਕ ਕੈਦੀਆਂ ਦੁਆਰਾ ਬਣਾਈਆਂ ਮਠਿਆਈਆਂ ਨੂੰ ਪਹਿਲ ਦੇ ਰਹੇ ਨੇ। ਜਿਸ ਹਿਸਾਬ ਨਾਲ ਬਾਜਾਰ ਵਿਚ ਮਿਲਾਵਟੀ ਚੀਜ਼ਾਂ ਦੀ ਭਰਮਾਰ ਐ, ਉਸ ਤੋਂ ਆਉਣ ਵਾਲੇ ਸਮੇਂ ਅੰਦਰ ਜੇਲ੍ਹ ਅੰਦਰ ਬਣੀਆਂ ਚੀਜ਼ਾਂ ਦੀ ਡਿਮਾਂਡ ਹੋਰ ਵਧਣ ਦੇ ਆਸਾਰ ਹਨ।


