ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਜਗਜੀਤ ਡੱਲੇਵਾਲ; ਕਿਸਾਨੀ ਮਸਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ

0
18

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਦਿੱਤਾ। ਆਪਣੇ ਪੱਤਰ ਵਿਚ ਉਨ੍ਹਾਂ ਨੇ ਝੋਨੇ ਦੀ ਖਰੀਦ ਪ੍ਰਕਿਰਿਆ ’ਚ ਗੜਬੜੀਆਂ ਤੋਂ ਇਲਾਵਾ ਗੰਨੇ ਦੇ ਬਕਾਏ ਤੇ ਪਾਰਾਲੀ ਮਾਮਲਿਆਂ ਦੇ ਸਥਾਈ ਹੱਲ ਦੀ ਮੰਗ ਕੀਤੀ। ਡੱਲੇਵਾਲ ਨੇ ਕਿਹਾ ਕਿ ਹੜਾਂ ਕਾਰਨ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ, ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਤੁਰੰਤ ਵਧੇਰੇ ਤੇ ਪ੍ਰਭਾਵਸ਼ਾਲੀ ਰਾਹਤ ਰਕਮ ਜਾਰੀ ਕਰਨੀ ਚਾਹੀਦੀ ਹੈ।
ਮੰਗ-ਪੱਤਰ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 1 ਲੱਖ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ ਗਈ ਐ। ਜਾਨ ਗੁਆਉਣ ਵਾਲੇ ਪਰਿਵਾਰਾਂ ਨੂੰ 25 ਲੱਖ, ਘਰਾਂ ਦੀ ਮੁਰੰਮਤ ਅਤੇ ਮਲਬਾ ਹਟਾਉਣ ਲਈ 10 ਲੱਖ, ਤੇ ਮਿੱਟੀ ਭਰਾਈ ਲਈ ਪ੍ਰਤੀ ਕਿਲ੍ਹਾ 1 ਲੱਖ ਦਾ ਵੱਖਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਐ।  ਇਸ ਤੋਂ ਇਲਾਵਾ, ਪਸ਼ੂਆਂ ਦੇ ਨੁਕਸਾਨ ਲਈ ਵੀ 1 ਲੱਖ ਦੀ ਰਕਮ ਦੇਣ ਲਈ ਕਿਹਾ ਗਿਆ ਐ।
ਡੱਲੇਵਾਲ ਨੇ ਧਾਨ ਖਰੀਦ ਪ੍ਰਕਿਰਿਆ ਵਿੱਚ ਹੋ ਰਹੀਆਂ ਗੜਬੜੀਆਂ ਉੱਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਈ ਮੰਡੀਆਂ ਵਿੱਚ ਝੋਨੇ ਦੀ ਤੋਲ ਅਤੇ ਮੀਟਰਿੰਗ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਘੱਟ ਰੇਟ ਤੇ ਆਪਣੀ ਫਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਆੜਤੀਆਂ ਤੇ ਖਰੀਦ ਏਜੰਟ ਨਿੱਜੀ ਤੌਰ ’ਤੇ ਝੋਨਾ ਖਰੀਦ ਕੇ ਬਾਅਦ ਵਿੱਚ ਸਰਕਾਰੀ ਖਾਤੇ ਵਿੱਚ ਦਰਜ ਕਰਕੇ ਫਾਇਦਾ ਚੁੱਕ ਰਹੇ ਹਨ, ਇਸਦੀ ਤੁਰੰਤ ਜਾਂਚ ਤੇ ਦੋਸ਼ੀਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਪਰਾਲੀ ਦੇ ਮਸਲੇ ’ਤੇ ਡੱਲੇਵਾਲ ਨੇ ਕਿਹਾ ਕਿ ਕੱਟਾਈ ਤੇ ਬੀਜਾਈ ਦਰਮਿਆਨ ਸਮਾਂ ਘੱਟ ਹੋਣ ਕਾਰਨ ਕਿਸਾਨ ਮਜਬੂਰੀ ਵਿੱਚ ਪਰਾਲੀ ਸਾੜਦੇ ਹਨ, ਇਸ ਲਈ ਸਰਕਾਰ ਸਖਤੀ ਦੀ ਬਜਾਏ ਵਿਕਲਪ ਤੇ ਪ੍ਰੋਤਸਾਹਨ ਦੇਵੇ ਤੇ ਦਰਜ ਮਾਮਲੇ ਵਾਪਸ ਲਏ ਜਾਣ। ਉਨ੍ਹਾਂ ਨੇ ਕਿਹਾ ਕਿ ਖੇਤੀ ਪ੍ਰਦੂਸ਼ਣ ਦਾ ਮੁੱਖ ਕਾਰਨ ਨਹੀਂ ਹੈ ਤੇ ਅਸਲੀ ਡਾਟਾ ਅਦਾਲਤ ਅੱਗੇ ਪੇਸ਼ ਹੋਣਾ ਚਾਹੀਦਾ ਹੈ। ਮੰਗ-ਪੱਤਰ ਵਿੱਚ ਡੀਏਪੀ ਖਾਦ ਸਪਲਾਈ ਦੀ ਕਮੀ, ਗੰਨੇ ਦੇ ਬਕਾਏ ਦੀ ਤੁਰੰਤ ਅਦਾਗੀ, 450 ਪ੍ਰਤੀ ਕਵਿੰਟਲ ਦਰ ਨਾਲ਼ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਨ, ਤੇ ਮਿੱਲਾਂ ਦੇ ਸਮੇਂ ਤੇ ਚਾਲੂ ਕਰਨ ਦੀ ਵੀ ਮੰਗ ਕੀਤੀ ਗਈ ਹੈ। ਡੱਲੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ’ਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਨੂੰ ਅਗਲਾ ਆੰਦੋਲਨ ਚਰਨ ਸ਼ੁਰੂ ਕਰਨਾ ਪਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਮੈਦਾਨੀ ਪੱਧਰ ’ਤੇ ਜਾ ਕੇ ਹਾਲਾਤਾਂ ਦਾ ਅੰਦਾਜ਼ਾ ਲੈਣ ਤੇ ਕਿਸਾਨਾਂ ਨੂੰ ਨਿਆਂ ਤੇ ਰਾਹਤ ਦਵਾਉਣ ਦੀ ਯਕੀਨੀ ਬਣਾਉਣ।

LEAVE A REPLY

Please enter your comment!
Please enter your name here