
ਗੁਰੂ ਨਗਰੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਪਰ ਪ੍ਰਸ਼ਾਸਨ ਇਸ ਵੱਲੋਂ ਬੇਖਬਰ ਦਿਖਾਈ ਦੇ ਰਿਹਾ ਐ। ਹਾਲਤ ਇਹ ਐ ਕਿ ਸ਼ਹਿਰ ਦੇ ਗਲੀ ਮੁਹੱਲਿਆਂ ਅੰਦਰ ਆਵਾਰਾ ਪਸ਼ੂਆਂ ਦੇ ਝੂੰਡ ਆਮ ਵੀ ਘੁੰਮਦੇ ਵੇਖੇ ਜਾ ਸਕਦੇ ਨੇ ਜੋ ਲੋਕਾਂ ਦੀ ਜਾਨ ਦਾ ਖੋਅ ਬਣੇ ਹੋਏ ਨੇ। ਇਨ੍ਹਾਂ ਪਸ਼ੂਆਂ ਕਾਰਨ ਅਨੇਕਾ ਹਾਦਸੇ ਵਾਪਰ ਚੁੱਕੇ ਨੇ ਪਰ ਪ੍ਰਸ਼ਾਸਨ ਬੇਖਬਰ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ ਪੰਜਾਬ ’ਚ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਇੱਕ ਗੰਭੀਰ ਤੇ ਜਾਨਲੇਵਾ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੇ ਨੇ। ਹਾਲ ਹੀ ’ਚ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ’ਚ ਮੌਤ ਤੋਂ ਬਾਅਦ ਇਹ ਮਸਲਾ ਕਾਫੀ ਚਰਚਾ ਵਿਚ ਆਇਆ ਹੋਇਆ ਐ। ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚਿਆ ਐ ਪਰ ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਸਵਾਲ ਐ ਕਿ ਜਦੋਂ ਸਰਕਾਰਾਂ ਸਾਲ 2016 ਤੋਂ ਕਾਓ ਸੈਸ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀਆਂ ਨੇ ਤਾਂ ਉਹ ਇਸ ਸਮੱਸਿਆ ਦਾ ਹੱਲ ਕਰਨ ਤੋਂ ਕਿਉਂ ਭੱਜ ਰਹੀਆਂ ਨੇ। ਲੋਕਾਂ ਨੇ ਇਕੱਠਾ ਹੋ ਰਹੇ ਫੰਡ ਦਾ ਹਿਸਾਬ ਦੇਣ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਐ।
ਦੱਸ ਦੇਈਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਹਾਦਸਾ ਵੀ ਆਵਾਰਾ ਪਸ਼ੂਆਂ ਕਾਰਨ ਹੀ ਵਾਪਰਿਆ ਸੀ। ਇਹ ਹਾਦਸਾ ਸਿਰਫ਼ ਦੁੱਖਦਾਈ ਨਹੀਂ, ਸਗੋਂ ਪ੍ਰਸ਼ਾਸਨ ਤੇ ਜਨਤਾ ਦੋਵਾਂ ਲਈ ਇੱਕ ਵੱਡੀ ਚੇਤਾਵਨੀ ਵੀ ਐ। ਅੰਕੜਿਆਂ ਮੁਤਾਬਕ ਪੰਜਾਬ ’ਚ ਲਗਭਗ 1.80 ਲੱਖ ਆਵਾਰਾ ਪਸ਼ੂ ਹਨ, ਜਿਨ੍ਹਾਂ ’ਚ ਬੈਲ, ਗਾਂ ਤੇ ਮੱਝਾਂ ਸ਼ਾਮਲ ਹਨ। ਸਿਰਫ਼ ਅੰਮ੍ਰਿਤਸਰ ’ਚ ਹੀ 4 ਹਜ਼ਾਰ ਤੋਂ ਵੱਧ ਪਸ਼ੂ ਖੁੱਲ੍ਹੇਆਮ ਸੜਕਾਂ ਤੇ ਚੌਰਾਹਿਆਂ ’ਤੇ ਘੁੰਮ ਰਹੇ ਹਨ। ਇਹ ਪਸ਼ੂ ਟ੍ਰੈਫਿਕ ਜਾਮ, ਵਾਹਨਾਂ ਨੂੰ ਨੁਕਸਾਨ ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ।


