ਅੰਮ੍ਰਿਤਸਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਤਣਾਅ; ਇਕ ਦੂਜੇ ਤੇ ਧੱਕੇ ਦੇ ਲਾਏ ਇਲਜ਼ਾਮ; ਪੁਲਿਸ ਰੱਖ ਰਹੀ ਨਜ਼ਰ

0
16

 

ਅੰਮ੍ਰਿਤਸਰ ਦੇ ਥਾਣਾ ਟਾਂਗਰਾ ਹੇਠ ਆਉਂਦੇ ਇਕ ਪਿੰਡ ਵਿੱਚ ਪੁਰਾਣਾ ਜ਼ਮੀਨੀ ਵਿਵਾਦ ਇਸ ਵੇਲੇ ਦੋ ਪਰਿਵਾਰਾਂ ਵਿੱਚ ਤਣਾਅ ਦਾ ਕਾਰਨ ਬਣਿਆ ਹੋਇਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਝਗੜਾ ਜ਼ਮੀਨ ਅਤੇ ਜਾਇਦਾਦ ਦੇ ਅੱਧੇ-ਅੱਧੇ ਹਿੱਸੇ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਿਹਾ ਹੈ। ਪੁਲਿਸ ਅਨੁਸਾਰ, ਸ਼ਿਕਾਇਤਾਂ ਮੁਤਾਬਕ ਦੋਵੇਂ ਪੱਖਾਂ ਵਿਚਕਾਰ ਲਗਭਗ 109 ਫੁੱਟ ਤੇ ਕੁੱਲ 173 ਫੁੱਟ ਜ਼ਮੀਨ ਦੀ ਸੀਮਾ ਸਬੰਧੀ ਤਣਾਅ ਹੈ ਅਤੇ ਕੁਝ ਹਿੱਸਿਆਂ ‘ਤੇ ਗੈਰਕਾਨੂੰਨੀ ਨਿਰਮਾਣ ਹੋਣ ਦੇ ਦੋਸ਼ ਵੀ ਲਗੇ ਹਨ। ਫਿਲਹਾਲ ਦੋਵੇਂ ਧਿਰਾਂ ਤਣਾਅ ਜਾਰੀ ਐ। ਪੁਲਿਸ ਵੱਲੋਂ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਕਰਵਾ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਵਿਵਾਦਿਤ ਜ਼ਮੀਨ ‘ਤੇ ਰਾਜਵੀਰ ਕੌਰ ਅਤੇ ਉਸ ਦੀ ਧੀ ਸੁਮੀਤ ਕੌਰ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਜਦਕਿ ਸੁਰਿੰਦਰ ਕੌਰ ਅਤੇ ਉਸਦੇ ਪਰਿਵਾਰ ਵੱਲੋਂ ਵੀ ਆਪਣਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਹਿੱਸਿਆਂ ਦੀ ਵਿਕਰੀ ਦੇ ਸਬੂਤ ਵੀ ਪੇਸ਼ ਕੀਤੇ ਗਏ ਹਨ ਅਤੇ ਦੋਵੇਂ ਪੱਖਾਂ ਕੋਲ ਆਪਣੇ-ਆਪਣੇ ਕਾਗਜ਼ ਤੇ ਗਵਾਹ ਹਨ। ਪੁਲਿਸ ਨੇ ਦੋਵੇਂ ਪਰਿਵਾਰਾਂ ਤੋਂ ਦਸਤਾਵੇਜ਼ ਮੰਗੇ ਹਨ ਅਤੇ ਆਪਸੀ ਗੱਲਬਾਤ ਰਾਹੀਂ ਸਲਾਹ-ਸੁਝਾਅ ਦੇ ਜ਼ਰੀਏ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੀਐਸਪੀ ਨੇ ਕਿਹਾ ਕਿ ਪਰਿਵਾਰਾਂ ਨੂੰ ਕੁਝ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੇ ਸਬੂਤ ਪੇਸ਼ ਕਰ ਸਕਣ, ਉਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਘਟਨਾ ਦੌਰਾਨ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਹਾਲ ਹੀ ‘ਚ ਜ਼ਮੀਨ ‘ਤੇ ਨਿਰਮਾਣ ਤੇ ਪੌਦੇ ਲਗਾਉਣ ਦੇ ਦੌਰਾਨ ਧੱਕਾਮੁੱਕੀ ਹੋਈ ਅਤੇ ਕੁਝ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਇਕ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਨਾਲ ਹੱਥਾਪਾਈ ਹੋਈ ਅਤੇ ਉਸਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਪਰਿਵਾਰਾਂ ਨੇ ਵੀ ਆਰੋਪ ਲਗਾਇਆ ਕਿ ਵਿਰੋਧੀ ਪੱਖ ਵੱਲੋਂ ਬਾਹਰਲੇ ਲੋਕਾਂ ਨੂੰ ਬੁਲਾਕੇ ਉਨ੍ਹਾਂ ਦੇ ਖ਼ਿਲਾਫ ਗਰੁੱਪ ਬਣਾਇਆ ਗਿਆ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਗਈ। ਦੋਵੇਂ ਪੱਖਾਂ ਵੱਲੋਂ ਪੁਰਾਣੇ ਕਾਗਜ਼ ਤੇ ਗਵਾਹ ਪੇਸ਼ ਕਰਨ ਦੀ ਤਿਆਰੀ ਜ਼ਾਹਿਰ ਕੀਤੀ ਗਈ ਹੈ।
ਪੁਲਿਸ ਨੇ ਮੌਕੇ ‘ਤੇ ਸ਼ਾਂਤੀ ਕਾਇਮ ਰੱਖਣ ਲਈ ਨਿਗਰਾਨੀ ਵਧਾ ਦਿੱਤੀ ਹੈ ਅਤੇ ਦੋਵੇਂ ਪੱਖਾਂ ਨੂੰ ਧੀਰਜ ਰੱਖਣ ਦੀ ਹਦਾਇਤ ਦਿੱਤੀ ਹੈ। ਡੀਐਸਪੀ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੱਲੋਂ ਹਿੰਸਾ ਭੜਕਾਉਣ ਜਾਂ ਹਥਿਆਰ ਵਰਤਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਤੱਕ ਕੋਈ ਐਫ਼ਆਈਆਰ ਦਰਜ ਨਹੀਂ ਹੋਈ, ਪਰ ਰਿਕਾਰਡ ਤੇ ਗਵਾਹਾਂ ਦੇ ਆਧਾਰ ‘ਤੇ ਲੋੜੀਂਦੇ ਕਦਮ ਚੁੱਕੇ ਜਾਣਗੇ। ਪੁਲਿਸ ਨੇ ਪਿੰਡ ਦੇ ਬਜ਼ੁਰਗਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਨੂੰ ਵੀ ਮਾਮਲਾ ਸੁਲਝਾਉਣ ਵਿਚ ਮਦਦ ਲਈ ਬੁਲਾਇਆ ਹੈ ਤਾਂ ਜੋ ਤਣਾਅ ਘਟੇ ਤੇ ਮਾਮਲੇ ਦਾ ਸ਼ਾਂਤੀਪੂਰਨ ਹੱਲ ਨਿਕਲੇ। ਡੀਐਸਪੀ ਨੇ ਕਿਹਾ ਕਿ ਜਦ ਤੱਕ ਸਪਸ਼ਟ ਦਸਤਾਵੇਜ਼ੀ ਸਬੂਤ ਨਹੀਂ ਮਿਲਦੇ, ਦੋਵੇਂ ਪੱਖਾਂ ਦੇ ਦਾਵਿਆਂ ਨੂੰ ਇਕਸਾਰ ਗੰਭੀਰਤਾ ਨਾਲ ਦੇਖਿਆ ਜਾਵੇਗਾ ਅਤੇ ਕੋਈ ਪੱਖਪਾਤੀ ਕਾਰਵਾਈ ਨਹੀਂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here