ਪੰਜਾਬ ਬਠਿੰਡਾ ’ਚ ਵਿਦੇਸ਼ੋਂ ਪਰਤੇ ਨੌਜਵਾਨ ਦੀ ਮੌਤ; ਪਿੰਡ ਸਿੰਗੋ ਦੇ ਖੇਤਾਂ ’ਚੋਂ ਬਰਾਮਦ ਹੋਈ ਲਾਸ਼; ਪਰਿਵਾਰ ਨੂੰ ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ By admin - October 8, 2025 0 42 Facebook Twitter Pinterest WhatsApp ਬਠਿੰਡਾ ਅਧੀਨ ਆਉਂਦੇ ਪਿੰਡ ਸਿੰਗੋ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਕਾਂ ਪਿੰਡ ਦੇ ਖੇਤਾਂ ਵਿਚ ਵਿਦੇਸ਼ੋ ਪਰਤੇ ਨੌਜਵਾਨ ਦੀ ਲਾਸ਼ ਪਈ ਵੇਖੀ। ਮ੍ਰਿਤਕ ਦੀ ਪਛਾਣ ਰਣਦੀਪ ਸਿੰਘ ਵਜੋਂ ਹੋਈ ਐ ਜੋ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਵਾਪਸ ਪਰਤਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਕਤਲ ਦੀ ਸ਼ੰਕਾ ਜਾਹਰ ਕਰਦਿਆਂ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਪਿੰਡ ਦੇ ਹੀ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪਿੰਡ ਸਿੰਗੋ ਦਾ ਨੌਜਵਾਨ ਰਣਦੀਪ ਸਿੰਘ ਜੋ ਕਿ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਹੋਇਆ ਸੀ ਅਤੇ ਹੁਣ ਦੋ ਮਹੀਨੇ ਤੋਂ ਤਿੰਨ ਮਹੀਨੇ ਦੀ ਛੁੱਟੀ ਲਈ ਵਾਪਸ ਆਇਆ ਹੋਇਆ ਸੀ। ਮ੍ਰਿਤਕ ਬੀਤੇ ਦਿਨ ਘਰੇ ਤੋਂ ਕਟਿੰਗ ਕਰਾਉਣ ਲਈ ਆਪਣੇ ਮੋਟਰਸਾਈਕਲ ਤੇ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਉਸਦਾ ਫੋਨ ਵੀ ਬਾਅਦ ਵਿੱਚ ਬੰਦ ਆ ਰਿਹਾ ਸੀ। ਪਰ ਅੱਜ ਉਸਦੀ ਲਾਸ਼ ਸਵੇਰੇ ਖੇਤਾਂ ਵਿੱਚ ਮਿਲੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਪਿੰਡ ਦੇ ਕੁਝ ਲੋਕਾਂ ਨੇ ਕਤਲ ਕੀਤਾ ਹੈ ਜਿੰਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸਨੇ ਦੱਸਿਆ ਕਿ ਉਸ ਦਾ ਭਰਾ ਵਿਦੇਸ਼ ਤੋਂ ਤਿੰਨ ਮਹੀਨੇ ਦੀ ਛੁੱਟੀ ਆਇਆ ਸੀ ਅਤੇ ਦੋ ਮਹੀਨੇ ਹੋ ਚੁੱਕੇ ਸਨ ਇੱਕ ਮਹੀਨਾ ਬਾਕੀ ਰਹਿ ਗਿਆ ਸੀ ਜਿਸ ਤੋਂ ਬਾਅਦ ਉਸਨੇ ਵਿਦੇਸ਼ ਵਾਪਸ ਜਾਣਾ ਸੀ। ਉਸ ਨੂੰ ਕੁਝ ਨਸ਼ੇੜੀ ਕਿਸਮ ਦੇ ਨੌਜਵਾਨ ਨਾਲ ਲੈ ਕੇ ਗਏ ਸਨ ਜਿਨਾਂ ਨੇ ਉਸਦਾ ਕਥਿਤ ਤੌਰ ਤੇ ਕਤਲ ਕੀਤਾ ਹੈ। ਪਰਿਵਾਰਿਕ ਮੈਂਬਰਾਂ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦਾਦੇ ਦੇ ਬਿਆਨ ਤੇ ਪਿੰਡ ਦੇ ਤਿੰਨ ਨੌਜਵਾਨਾਂ ਅਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਮ੍ਰਿਤਕ ਨੂੰ ਪਿੰਡ ਦੇ ਕੁਝ ਨੌਜਵਾਨ ਨਾਲ ਲੈ ਗਏ ਸਨ ਜਿਨਾਂ ਨੇ ਕਥਿਤ ਤੌਰ ਤੇ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਹਨਾਂ ਦੱਸਿਆ ਕਿ ਕਥਿਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਥਿਤ ਆਰੋਪੀਆ ਨੂੰ ਕਾਬੂ ਕਰ ਲਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਭਰਾਵਾਂ ਦੀ ਪਾਲਣ ਪੋਸ਼ਣ ਉਸਦੀ ਮਾਤਾ ਉਸਦੇ ਦਾਦੇ ਵੱਲੋਂ ਕੀਤਾ ਗਿਆ ਹੈ।