ਅਜਨਾਲਾ ’ਚ ਸਿੱਖ ਧਰਮ ’ਚ ਵਾਪਸ ਆਏ ਪਰਿਵਾਰ; ਪਰਿਵਾਰਾਂ ਦੇ ਘਰਾਂ ਦਾ ਰੱਖਿਆ ਨੀਂਹ ਪੱਥਰ; ਪਰਿਵਾਰਾਂ ਦੇ ਹੜ੍ਹ ਕਾਰਨ ਢਹਿ ਗਏ ਸੀ ਘਰ

0
4

 

ਅਜਨਾਲਾ ਖੇਤਰ ਦੇ ਪਿੰਡ ਗੱਗੜ ਦੇ ਕੁੱਝ ਪਰਿਵਾਰਾਂ ਨੇ ਈਸਾਈ ਧਰਮ ਛੱਡ ਸਿੱਖ ਧਰਮ ਅੰਦਰ ਵਾਪਸੀ ਕੀਤੀ ਐ। ਇਹ ਪਰਿਵਾਰ ਆਰਥਿਕ ਤੰਗੀਆਂ ਦੇ ਚਲਦਿਆਂ ਧਰਮ ਪਰਿਵਾਰਤਨ ਕਰ ਗਏ ਸਨ। ਇਨ੍ਹਾਂ ਪਰਿਵਾਰਾਂ ਨੂੰ ਅੱਜ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੀ ਅਗਵਾਈ ‘ਚ ਮੁੜ ਸਿੱਖ ਧਰਮ ‘ਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਪਰਿਵਾਰਾਂ ਦੇ ਹੜ੍ਹਾਂ ਕਾਰ ਢਹਿ ਗਏ ਘਰਾਂ ਦਾ ਨੀਂਹ ਰੱਖ ਕੇ ਪੁਨਰਵਾਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਸਿੱਖੀ ਨੂੰ ਵਸਤੂਆਂ ਨਾਲ ਨਹੀਂ ਤੋਲਿਆ ਜਾ ਸਕਦਾ, ਇਸ ਲਈ ਧਰਮ ਪਰਿਵਰਤਨ ਕਰ ਚੁੱਕੇ ਸਿੱਖਾਂ ਨੂੰ ਆਪਣੇ ਘਰ ਮੁੜ ਆਉਣਾ ਚਾਹੀਦਾ ਐ।
ਦੱਸਣਯੋਗ ਐ ਕਿ ਗੁਰਦੁਆਰਾ ਨਾਨਕਸਰ ਵਾਲਿਆਂ ਵੱਲੋਂ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ ਅਤੇ ਬਾਬਾ ਹਰਨੇਕ ਸਿੰਘ ਸਿਆੜ ਵਾਲਿਆਂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਮਕਾਨਾਂ ਬਣਾਉਣ ਦੀ ਸੇਵਾ ਕੀਤੀ ਜਾ ਰਹੀ ਐ। ਇਹ ਪਹਿਲਕਦਮੀ ਉਨ੍ਹਾਂ ਪਰਿਵਾਰਾਂ ਲਈ ਉਮੀਦ ਦੀ ਕਿਰਨ ਸਾਬਤ ਹੋਈ, ਜਿਨ੍ਹਾਂ ਨੇ ਹੜ੍ਹ ‘ਚ ਆਪਣੇ ਘਰ ਗੁਆ ਦਿੱਤੇ ਸਨ। ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਇਥੇ ਪਹੁੰਚੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਦਾ ਹੌਸਲਾ ਵਧਾਇਆ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰਵਾਸ ਲਈ ਸ਼ੁਰੂ ਤੋਂ ਹੀ ਸਰਗਰਮ ਹੈ।
ਉਨ੍ਹਾਂ ਨੇ ਦੱਸਿਆ ਕਿ ਸਿੱਖ ਧਰਮ ‘ਚ ਵਾਪਸੀ ਕਰ ਚੁੱਕੇ ਸਰਦਾਰ ਸੁੱਚਾ ਸਿੰਘ, ਸਰਦਾਰ ਪ੍ਰੀਤ ਸਿੰਘ ਅਤੇ ਸਰਦਾਰ ਕੁਲਦੀਪ ਸਿੰਘ ਦੇ ਮਕਾਨ ਪੂਰੀ ਤਰ੍ਹਾਂ ਢਹਿ ਚੁੱਕੇ ਸਨ, ਜਿਨ੍ਹਾਂ ਦੀ ਨੀਂਹ ਅੱਜ ਰੱਖੀ ਗਈ। ਇਹ ਯਤਨ ਨਾ ਸਿਰਫ਼ ਉਨ੍ਹਾਂ ਲਈ ਨਵੇਂ ਘਰ ਬਣਾਉਣਗੇ, ਸਗੋਂ ਉਨ੍ਹਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਵੀ ਦੇਣਗੇ। ਘਰਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ‘ਤੇ ਇਕ ਮਹੱਤਵਪੂਰਨ ਪਹਿਲੂ ਉਨ੍ਹਾਂ ਪਰਿਵਾਰਾਂ ਦੀ ਸਿੱਖ ਧਰਮ ‘ਚ ਵਾਪਸੀ ਸੀ, ਜਿਨ੍ਹਾਂ ਨੇ ਗਰੀਬੀ ਅਤੇ ਲਾਲਚ ਕਾਰਨ ਆਪਣਾ ਧਰਮ ਛੱਡ ਦਿੱਤਾ ਸੀ।
ਗਿਆਨੀ ਰਘੁਬੀਰ ਸਿੰਘ ਨੇ ਇਨ੍ਹਾਂ ਪਰਿਵਾਰਾਂ ਨੂੰ ਸਮਝਾਇਆ ਕਿ ਸਿੱਖ ਧਰਮ ਇਕ ਅਮੁੱਲ ਵਿਰਾਸਤ ਹੈ, ਜਿਸ ਦੀ ਰਾਖੀ ਲਈ ਲੱਖਾਂ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਨੇ ਕਿਹਾ,ਸਿੱਖ ਪੰਥ ਬਹੁਤ ਅਮੀਰ ਹੈ। ਸਿੱਖੀ ਨੂੰ ਕਿਸੇ ਲਾਲਚ ਜਾਂ ਦਬਾਅ ‘ਚ ਛੱਡਣਾ ਸਾਡੀ ਵਿਰਾਸਤ ਨਾਲ ਵਿਸ਼ਵਾਸਘਾਤ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਹ ਸੰਦੇਸ਼ ਹੈ ਕਿ ਉਹ ਕਿਸੇ ਵੀ ਹਾਲਤ ‘ਚ ਆਪਣੇ ਧਰਮ ਤੋਂ ਨਾ ਡਿੱਗਣ।  ਉਨ੍ਹਾਂ ਦੇ ਪ੍ਰੇਰਕ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਪਰਿਵਾਰਾਂ ਨੇ ਮੁਆਫੀ ਮੰਗੀ ਅਤੇ ਵਚਨ ਦਿੱਤਾ ਕਿ ਹੁਣ ਉਹ ਸਿੱਖ ਧਰਮ ‘ਚ ਪੱਕੇ ਰਹਿਣਗੇ ਅਤੇ ਕਿਸੇ ਵੀ ਲਾਲਚ ‘ਚ ਨਹੀਂ ਆਉਣਗੇ।
ਇਸ ਮੌਕੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੇ ਸਪੁੱਤਰ ਬਾਬਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ-ਨਾਲ ਬਾਬਾ ਹਰਨੇਕ ਸਿੰਘ ਸਿਆੜ ਵਾਲਿਆਂ ਨੇ ਵੀ ਇਸ ਪੁਨੀਤ ਕਾਰਜ ‘ਚ ਅਹਿਮ ਯੋਗਦਾਨ ਪਾਇਆ। ਸੰਗਤ ਦੇ ਸਹਿਯੋਗ ਨਾਲ ਤਿੰਨ ਘਰਾਂ ਦੀ ਨੀਂਹ ਰੱਖੀ ਗਈ, ਅਤੇ ਜਲਦ ਹੀ ਇਹ ਪਰਿਵਾਰ ਆਪਣੇ ਨਵੇਂ ਘਰਾਂ ‘ਚ ਵਸ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੇਵਾ ਦਾ ਮਤਲਬ ਹੀ ਹੈ ‘ਸਰਬਤ ਦਾ ਭਲਾ’, ਸਿੱਖ ਸੇਵਾ ਸਮੇਂ ਕੋਈ ਜਾਤ-ਧਰਮ ਨਹੀਂ ਵੇਖਦਾ। ਜਦੋਂ ਇਨ੍ਹਾਂ ਲੋਕਾਂ ਨੂੰ ਮਿਲਣ ਉਨ੍ਹਾਂ ਦਾ ਕੋਈ ਪਾਸਟਰ ਨਹੀਂ ਪਹੁੰਚਿਆ, ਤਾਂ ਉਨ੍ਹਾਂ ਨੇ ਇਨ੍ਹਾਂ ਦਾ ਦੁੱਖ ਵੰਡਣਾ ਜ਼ਰੂਰੀ ਸਮਝਿਆ।
ਗਿਆਨੀ ਰਘੁਬੀਰ ਸਿੰਘ ਨੇ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਅਪੀਲ ਕੀਤੀ, ਜੋ ਕਿਸੇ ਕਾਰਨ ਆਪਣੇ ਧਰਮ ਤੋਂ ਵਿਮੁਖ ਹੋ ਚੁੱਕੇ ਹਨ, ਕਿ ਉਹ ਮੁੜ ਪੰਥ ਦੀ ਮੁੱਖਧਾਰਾ ‘ਚ ਵਾਪਸ ਆਉਣ। ਉਨ੍ਹਾਂ ਨੇ ਭਰੋਸਾ ਦਿੱਤਾ ਕਿ SGPC ਅਤੇ ਸਮਾਜਿਕ ਸੰਗਠਨ ਉਨ੍ਹਾਂ ਦੀ ਹਰ ਜ਼ਰੂਰਤ ‘ਚ ਸਹਿਯੋਗ ਦੇਣਗੇ। ਪੀੜਤ ਪਰਿਵਾਰਾਂ ਨੇ ਗਿਆਨੀ ਰਘੁਬੀਰ ਸਿੰਘ, ਸਿੱਖ ਸੰਪ੍ਰਦਾਇਆਂ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੜ੍ਹ ਦੌਰਾਨ ਉਨ੍ਹਾਂ ਨੂੰ ਕੋਈ ਰਾਹਤ ਸਮੱਗਰੀ ਨਹੀਂ ਮਿਲੀ ਸੀ, ਪਰ ਅੱਜ ਉਨ੍ਹਾਂ ਦੇ ਨਵੇਂ ਘਰਾਂ ਦੀ ਨੀਂਹ ਰੱਖੀ ਗਈ।  ਇਹ ਉਨ੍ਹਾਂ ਲਈ ਨਵੀਂ ਉਮੀਦ ਦਾ ਪ੍ਰਤੀਕ ਹੈ। ਪਰਿਵਾਰਾਂ ਨੇ ਵਾਅਦਾ ਕੀਤਾ ਕਿ ਉਹ ਸਿੱਖ ਧਰਮ ‘ਚ ਪੱਕੇ ਰਹਿਣਗੇ ਅਤੇ ਕਿਸੇ ਵੀ ਲਾਲਚ ‘ਚ ਨਹੀਂ ਆਉਣਗੇ।

LEAVE A REPLY

Please enter your comment!
Please enter your name here