ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਕ ਨੇੜੇ ਅੱਜ ਸਵੇਰੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਥੇ ਕਾਰ ਚਲਾਉਣੀ ਸਿੱਖ ਰਹੀ ਲੜਕੀ ਦੀ ਕਾਰ ਬੇਕਾਬੂ ਹੋ ਕੇ ਇਕ ਸਾਇਕਲ ਸਵਾਰ ਨੂੰ ਜ਼ਖਮੀ ਕਰਨ ਬਾਅਦ ਇਕ ਘਰ ਦੇ ਗੇਟ ਵਿਚ ਜਾ ਟਕਰਾਈ। ਘਟਨਾ ਸਾਬਕਾ ਮੰਤਰੀ ਮਨੋਰੰਜਨ ਕਾਲੀਆਂ ਦੇ ਘਰ ਦੇ ਬਾਹਰ ਦੀ ਐ। ਜਾਣਕਾਰੀ ਅਨੁਸਾਰ 18 ਸਾਲਾ ਲੜਕੀ ਆਪਣੇ ਪਿਤਾ ਨਾਲ ਕਾਰ ਚਲਾਉਣਾ ਸਿੱਖ ਰਹੀ ਸੀ ਕਿ ਕਾਰ ਨੂੰ ਬੈਕ ਕਰਨ ਦੌਰਾਨ ਕਾਰ ਅਚਾਨਕ ਬੇਕਾਬੂ ਹੋ ਸਾਈਕਲ ਸਵਾਰ ਨੂੰ ਹਿੱਟ ਕਰਨ ਤੋਂ ਬਾਦ ਗੇਟ ਨਾਲ ਜਾ ਟਕਰਾਈ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ, ਜਲੰਧਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਇੱਕ ਲੜਕੀ ਕਾਰ ਚਲਾਉਣਾ ਸਿੱਖ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਕਾਰ ਨੂੰ ਬੈਕ ਕਰ ਰਹੀ ਸੀ। ਇਸ ਘਟਨਾ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਨਿੱਜੀ ਗੱਡੀ ਅਤੇ ਉਨ੍ਹਾਂ ਦੇ ਘਰ ਦੇ ਗੇਟ ਨੂੰ ਨੁਕਸਾਨ ਪਹੁੰਚਿਆ ਐ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹੱਲਾ ਵਸਨੀਕ ਦੀਪਕ ਨੇ ਕਿਹਾ ਕਿ ਇਹ ਹਾਦਸਾ ਸਵੇਰੇ ਸਵਾ 7 ਵਜੇ ਦੇ ਕਰੀਬ ਵਾਪਰਿਆ। ਮੈਂ ਆਪਣੀ ਸਾਈਕਲ ‘ਤੇ ਅਖ਼ਬਾਰ ਵੰਡ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਸ਼ਾਸਤਰੀ ਮਾਰਕੀਟ ਚੌਂਕ ਦੇ ਨੇੜੇ ਵਾਪਰੀ। ਮੈਂ ਇਕੱਲਾ ਹੀ ਜ਼ਖ਼ਮੀ ਸੀ। ਦੂਜਿਆਂ ਦੀ ਮਦਦ ਨਾਲ ਮੈਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਦਾਖ਼ਲ ਕਰਵਾਇਆ ਗਿਆ। ਉਥੇ ਹੀ ਇਸ ਮਾਮਲੇ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਦੱਸਿਆ ਕਿ ਜੋ ਕਾਰ ਉਨ੍ਹਾਂ ਦੀ ਨੁਕਸਾਨੀ ਗਈ ਸੀ, ਉਹ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਲਈ ਸੀ ਕਿਉਂਕਿ ਪਿਛਲੀ ਕਾਰ ਉਨ੍ਹਾਂ ਦੀ ਇਕ ਗ੍ਰਨੇਡ ਹਮਲੇ ਵਿੱਚ ਨੁਕਸਾਨੀ ਗਈ ਸੀ।