ਮਾਨਸਾ ਦੇ ਇੱਕ ਪਰਿਵਾਰ ਵਿੱਚ ਪੰਜ ਭੈਣ ਭਰਾਵਾਂ ਵਿੱਚੋਂ ਚਾਰ ਨੇਤਰਹੀਨ ਹਨ ਜਿਨਾਂ ਦੀ ਕਹਾਣੀ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਆਪ-ਮੁਹਾਰੇ ਹੀ ਨਮ ਹੋ ਜਾਂਦੀਆਂ ਨੇ। ਬੱਚਿਆਂ ਦਾ ਪਿਤਾ ਗੁਰਮੇਲ ਸਿੰਘ ਮੋਟਰਸਾਈਕਲ ਰੇਹੜੀ ਚਲਾ ਕੇ ਗੁਜਾਰਾ ਚਲਾ ਰਿਹਾ ਐ ਪਰ ਨਜ਼ਰ ਨਾ ਹੋਣ ਕਾਰਨ ਬੱਚੇ ਪਿਤਾ ਦਾ ਸਹਾਰਾ ਬਣਨ ਤੋਂ ਅਸਮਰੱਥ ਨੇ। ਮਾੜੇ ਹਾਲਾਤਾਂ ਦੇ ਬਾਵਜੂਦ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਅੱਖਾਂ ਦੀ ਰੌਸ਼ਨੀ ਵਾਪਸ ਆਉਣ ’ਤੇ ਆਪਣੇ ਸੁਪਨੇ ਖੁਦ ਪੂਰੇ ਕਰਨ ਦੀ ਗੱਲ ਕਹੀ ਐ। ਬੱਚਿਆਂ ਦਾ ਕਹਿਣਾ ਐ ਕਿ ਜੇਕਰ ਅੱਖਾਂ ਹੁੰਦੀਆਂ ਤਾਂ ਉਹ ਜੱਜ ਵੀ ਬਣ ਸਕਦੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਪੈਸੇ ਨਹੀਂ, ਅੱਖਾਂ ਦੀ ਰੋਸ਼ਨੀ ਚਾਹੀਦੀ ਐ ਤਾਂ ਜੋ ਬਾਕੀ ਸਾਰਾ ਕੁੱਝ ਖੁਦ ਕਰ ਸਕਣ। ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਗਾਈ ਐ।
ਮਾਨਸਾ ਦੇ ਇਸ ਪਰਿਵਾਰ ਵਿਚ ਨੇਤਰਹੀਨ ਬੱਚੇ ਜਿਨਾਂ ਵਿੱਚੋਂ ਇੱਕ ਦਾ ਨਾਮ ਲਖਵੀਰ ਕੌਰ ਤੇ ਲੜਕੇ ਦਾ ਨਾਮ ਹਰਦੀਪ ਸਿੰਘ ਤੇ ਛੋਟੀ ਭੈਣ ਦਾ ਨਾਮ ਨੀਟੂ ਹੈ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਾਡੇ ਘਰ ਦਾ ਗੁਜ਼ਾਰਾ ਮੇਰੇ ਪਿਤਾ ਦੀ ਰੋਜ਼ਾਨਾ ਦਿਹਾੜੀ ਨਾਲ ਚੱਲਦਾ ਹੈ। ਇੱਕ ਪਾਸੇ ਸਾਨੂੰ ਸਰਕਾਰ ਵੱਲੋਂ ਪੈਨਸ਼ਨ ਵੀ ਮਿਲਦੀ ਹੈ ਪਰ ਉਸ ਨਾਲ ਠੀਕ ਠਾਕ ਗੁਜ਼ਾਰਾ ਚੱਲਦਾ ਹੈ। ਉਹਨਾਂ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਤਾਂ ਅੱਖਾਂ ਮਿਲ ਜਾਣ ਅਸੀਂ ਆਪਣੇ ਆਪ ਕਮਾ ਕੇ ਜਿੰਦਗੀ ਬਿਤਾ ਲਵਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਅੱਖਾਂ ਹੁੰਦੀਆਂ ਤਾਂ ਅਸੀਂ ਜੱਜ ਬਣ ਜਾਣਾ ਸੀ। ਉੱਥੇ ਹੀ ਬੱਚਿਆਂ ਦੀ ਦਾਦੀ ਨੇ ਕਿਹਾ ਕਿ ਇਹਨਾਂ ਨੂੰ ਸਾਂਭਣਾ ਬਹੁਤ ਔਖਾ ਹੈ। ਕਿਉਂਕਿ ਕਿਸੇ ਨੂੰ ਵੀ ਨਹੀਂ ਦਿਖਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਅੱਖਾਂ ਦਾ ਕੋਈ ਇਲਾਜ ਕੀਤਾ ਜਾਵੇ ਜਾਂ ਇਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਬਣਵਾ ਕੇ ਦਿੱਤੀ ਜਾਵੇ।
ਇਸੇ ਤਰ੍ਹਾਂ ਬੱਚਿਆਂ ਦੇ ਪਿਤਾ ਗੁਰਮੇਲ ਸਿੰਘ ਨੇ ਵੀ ਸਮਾਜ ਸੇਵੀਆਂ ਅੱਗੇ ਘਰ ਦੀ ਹਾਲਤ ਸੁਧਾਰਨ ਵਿਚ ਮਦਦ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਮੀਂਹ ਕਣੀ ਵਿਚ ਸਾਰਾ ਸਾਮਾਨ ਭਿੱਜ ਜਾਂਦਾ ਐ। ਇਸ ਲਈ ਜੇਕਰ ਮਕਾਨ ਦੀ ਮੁਰੰਮਤ ਕਰਨ ਵਿਚ ਮਦਦ ਮਿਲ ਜਾਵੇ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਐ।