ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾ ਨੇ ਮੋਗਾ ਜਿਲ੍ਹੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਐ। ਇੱਥੇ ਕਿਸਾਨਾਂ ਦੀਆਂ ਕਾਫੀ ਸਾਰੀਆਂ ਉਪਜਾਊ ਜ਼ਮੀਨਾਂ ਫਸਲਾਂ ਸਮੇਤ ਦਰਿਆ ਦੀ ਭੇਂਟ ਚੜ੍ਹ ਚੁੱਕੀਆਂ ਨੇ। ਹੁਣ ਪੀੜਤ ਕਿਸਾਨਾਂ ਦੇ ਹੱਕ ਵਿਚ ਨਿਤਰਦਿਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਗਾ ਜਿਲ੍ਹੇ ਦੇ 10 ਤੋਂ 15 ਪਿੰਡਾਂ ਦੀ ਲਗਭਗ 250 ਕਿੱਲੇ ਉਪਜਾਊ ਜ਼ਮੀਨ ਦਰਿਆ ਦੀ ਭੇਂਟ ਚੜ੍ਹ ਚੁੱਕੀ ਐ। ਉਨ੍ਹਾਂ ਕਿਹਾ ਕਿ ਐਨਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਸਰਕਾਰ ਮਾਮੂਲੀ ਮੁਆਵਜੇ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਮਜ਼ਾਕ ਕਰ ਰਹੀਆਂ ਨੇ। ਉਨ੍ਹਾਂ ਪੀੜਤ ਕਿਸਾਨਾਂ ਨੂੰ ਨੁਕਸਾਨ ਮੁਤਾਬਕ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ ਐ।
ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਜਿੱਥੇ ਖੇਤਾਂ ਵਿੱਚੋਂ ਚਾਰਾ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਉੱਥੇ ਹੀ ਉਪਜਾਊ ਜਮੀਨਾਂ ਅਤੇ ਘਰ ਵੀ ਪਾਣੀ ਵਿੱਚ ਰੁੜ ਗਏ। ਮੋਗਾ ਦੇ ਦਰਜਨ ਤੋਂ ਵਧੇਰੇ ਪਿੰਡਾਂ ਦੀ ਸੈਂਕੜੇ ਕਿੱਲੇ ਜ਼ਮੀਨ ਅਤੇ ਕਈ ਘਰ ਰੁੜ ਗਏ ਪਰ ਕੇਂਦਰ ਸਰਕਾਰ ਵੱਲੋਂ ਮਹਿਜ 1600 ਕਰੋੜ ਰੁਪਏ ਰਾਹਤ ਫੰਡ ਦੇ ਕੇ ਬੁੱਤਾ ਸਾਰ ਰਹੀ ਐ। ਉਨ੍ਹਾਂ ਕਿਹਾ ਕਿ ਐਨੇ ਫੰਡ ਨਾਲ ਕਿਸਾਨਾਂ ਲਈ 10-10 ਹਜਾਰ ਰੁਪਏ ਦਾ ਵੀ ਪ੍ਰਬੰਧ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 20 ਹਜਾਰ ਰੁਪਏ ਕਿਸਾਨਾਂ ਨੂੰ ਦੇਣ ਦੀ ਗੱਲ ਕਹੀ ਜੋ ਅਜੇ ਤੱਕ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਨੁਕਸਾਨ ਮੁਤਾਬਕ ਮੁਆਵਜਾ ਦੇ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਐ।