
ਪੰਜਾਬ ਅੰਦਰ ਹੜ੍ਹ ਪੀੜਤਾਂ ਲਈ ਆ ਰਹੀ ਰਾਹਤ ਸਮੱਗਰੀ ਦੀ ਦੁਰਵਰਤੋਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਕੁੱਝ ਸ਼ਰਾਰਤੀ ਕਿਸਮ ਦੇ ਲੋਕ ਜਿੱਥੇ ਸਾਮਾਨ ਦੀ ਚੋਰ-ਬਜਾਰੀ ਕਰ ਰਹੇ ਨੇ, ਉੱਥੇ ਹੀ ਰਾਹਤ ਸਮੱਗਰੀਆਂ ਦੀਆਂ ਗੱਡੀਆਂ ਰੋਕ ਕੇ ਧੱਕਾ ਵੀ ਕਰਨ ਲੱਗੇ ਨੇ। ਅਜਿਹਾ ਹੀ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਐ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਤੋਂ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਘਟਨਾ ਦੀ ਵੀਡੀਓ ਵਾਇਰਲ ਕਰ ਕੇ ਅਜਿਹਾ ਕਰਨ ਵਾਲਿਆਂ ਨੂੰ ਲਾਹਨਤਾਂ ਪਾਈਆਂ ਨੇ। ਜਾਰੀ ਜਾਰੀ ਕਰਦਿਆਂ ਭੋਮਾ ਨੇ ਕਿਹਾ ਕਿ ਹੜ੍ਹ ਪੀੜਤਾਂ ਕੋਲ ਰਾਹਤ ਸਮੱਗਰੀ ਵਾਲੀ ਗੱਡੀ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਸ਼ਰਾਰਤੀ ਅਨਸਰ ਘੇਰ ਕੇ ਲੁੱਟ ਮਚਾ ਰਹੇ ਨੇ। ਅਜਿਹੇ ਲੋਕਾਂ ਦਾ ਹੜ੍ਹ ਪੀੜਤਾਂ ਨਾਲ ਦੂਰ ਦੂਰ ਤੋਂ ਕੋਈ ਵਾਸਤਾ ਨਹੀਂ ਹੈ ਅਤੇ ਇਹ ਜਬਰਦਸਤੀ ਗੱਡੀਆਂ ਵਿਚ ਚੜ੍ਹ ਕੇ ਸਾਮਾਨ ਲੁੱਟ ਰਹੇ ਨੇ। ਇਨ੍ਹਾਂ ਵਿਚ ਜ਼ਿਆਦਾਤਰ ਪਰਵਾਸੀ ਲੋਕ ਨੇ ਪੰਜਾਬ ਦੇ ਲੋਕਾਂ ਲਈ ਵੱਡੀ ਬਦਨਾਮੀ ਦਾ ਸਬੱਬ ਬਣ ਰਹੇ ਨੇ।
ਮਨਜੀਤ ਸਿੰਘ ਭੋਮਾ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਗਲਤ ਢੰਗ ਨਾਲ ਵਾਇਰਲ ਕਰਕੇ ਉਲਟਾ ਪੰਜਾਬੀਆਂ ਦੀ ਬਦਨਾਮੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਵਿਚ ਜ਼ਿਆਦਾਤਰ ਪਰਵਾਸੀ ਲੋਕ ਸ਼ਾਮਲ ਨੇ ਜੋ ਪੰਜਾਬੀਆਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਨੂੰ ਸਮੇਂ ਸਿਰ ਨਾ ਰੋਕਿਆ ਤਾਂ ਇਸ ਦੇ ਨਤੀਜੇ ਮਾੜੇ ਨਿਕਲ ਸਕਦੇ ਹਨ। ਇੰਨਾਂ ਲੋਕਾਂ ਵੱਲੋਂ ਰਸਤੇ ਵਿੱਚ ਹੀ ਇਹ ਸਮਾਨ ਇਕੱਠਾ ਕਰਕੇ ਸ਼ਾਮ ਨੂੰ ਕਸਬੇ ਦੀਆਂ ਦੁਕਾਨਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਵਰਤਾਰੇ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਐ।


