ਤਰਨ ਤਾਰਨ ਨਾਲ ਸਬੰਧਤ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਸਤਲੁਜ ਦਰਿਆ ਦੀ ਭੇਂਟ ਚੜ੍ਹੀਆਂ ਜ਼ਮੀਨਾਂ ਤੇ ਘਰਾਂ ਲਈ ਮੁਆਵਜੇ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਪਿੰਡ ਸਭਰਾ ਦੇ ਧੁੱਸੀ ਬੰਨ੍ਹ ਵਿਚ ਪਏ ਪਾੜ ਕਾਰਨ ਕਿਸਾਨਾਂ ਦੀਆਂ ਵੱਡੀ ਪੱਧਰ ਤੇ ਜ਼ਮੀਨਾਂ ਰੁੜ ਗਈਆਂ ਨੇ। ਇਸੇ ਤਰ੍ਹਾਂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਐ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਐ। ਕਿਸਾਨਾਂ ਨੇ ਹੜ੍ਹਾਂ ਕਾਰਨ ਖਰਾਬ ਹੋਈਆਂ ਜ਼ਮੀਨਾਂ ਨੂੰ ਪੱਧਰ ਕਰਨ ਵਿਚ ਵੀ ਮਦਦ ਦੀ ਅਪੀਲ ਕੀਤੀ ਐ।
ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜੱਜਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਤਾਂ ਕਿਸਾਨਾਂ ਨਾਲ ਵੱਡਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਧਰੋ ਕੀਤਾ ਹੈ ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਦਰਿਆਵਾਂ ਵਿੱਚ ਪਾਣੀ ਇਕੱਠਾ ਕਰ ਕੇ ਛੱਡ ਦਿੱਤਾ ਜਿਸ ਕਾਰਨ ਸਤਲੁਜ ਦਰਿਆ ਤੇ ਬਿਆਸ ਦਰਿਆ ਦੇ ਨਾਲ ਲੱਗਦੇ ਕਿਸਾਨਾਂ ਦੇ ਵੱਡੇ ਨੁਕਸਾਨ ਹੋਏ ਹਨ ਉਥੇ ਹੁਣ ਪੰਜਾਬ ਸਰਕਾਰ ਮਹਿਜ਼ 20 ਹਜ਼ਾਰ ਮੁਆਵਜਾ ਦੇ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੇ ਨਾਲ ਨਾਲ ਘਰ ਤੱਕ ਹੜ੍ਹ ਦੀ ਭੇਂਟ ਚੜ੍ਹ ਚੁੱਕੇ ਨੇ ਪਰ ਪੰਜਾਬ ਸਰਕਾਰ ਲਿਪਾ-ਪੋਚੀ ਕਰ ਰਹੀ ਐ, ਜਿਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਜਿੰਨਾ ਕਿਸਾਨਾਂ ਅਤੇ ਲੋਕਾਂ ਦੇ ਘਰ ਢਹਿ ਗਏ ਨੇ, ਉਹਨਾਂ ਨੂੰ ਘਰ ਪਾ ਕੇ ਦਿੱਤੇ ਜਾਣ ਅਤੇ ਜ਼ਮੀਨਾ ਪੱਧਰੀਆਂ ਕਰਵਾ ਕੇ ਦਿੱਤੀਆਂ ਜਾਣ।