ਨੰਗਲ ਤੋਂ ਸੈਨੀਟਾਈਜ਼ਰ ਤੇ ਸਫਾਈ ਮੁਹਿੰਮ ਸ਼ੁਰੂ; ਮੰਤਰੀ ਹਰਜੋਤ ਬੈਂਸ ਵੱਲੋਂ ਸਹਿਯੋਗ ਦੀ ਅਪੀਲ

0
6

ਸ੍ਰੀ ਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸਾਫ ਸਫਾਈ ਦੀ ਮੁਹਿੰਮ ਸ਼ੁਰੂ ਹੋ ਗਈ ਐ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੰਚਾਂ-ਸਰਪੰਚਾਂ ਤੇ ਆਮ ਆਦਮੀ ਪਾਰਟੀ ਦੀ ਵਰਕਰਾਂ ਨੂੰ ਮੁਹਿੰਮ ਵਿਚ ਵਿਸ਼ੇਸ਼ ਯੋਗਦਾਨ ਪਾਉਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਸਾਫ–ਸੁਥਰਾ ਤੇ ਰੋਗਾਣੂ- ਮੁਕਤ ਮਾਹੌਲ ਦੇਣਾ ਸਾਡਾ ਨੈਤਿਕ ਫਰਜ ਹੈ। ਇਸ ਲਈ ਅੱਜ 2ਆਰਵੀਅਰ ਨੰਗਲ ਤੋਂ ਸੈਨੀਟਾਈਜ਼ਰ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਵਿੱਚ ਜਾਰੀ ਰਹੇਗੀ। ਦਵਾਈਆਂ ਦੇ ਛਿੜਕਾਅ ਲਈ ਸਪਰੇਅ ਅਤੇ ਟੈਂਟ ਇਲਾਕੇ ਵਿੱਚ ਪਹੁੰਚ ਚੁੱਕੇ ਹਨ। ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਮੈਡੀਕਲ ਸਹੂਲਤਾਂ ਅਤੇ ਟੀਕਾਕਰਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
 ਅੱਜ ਇਹ ਮੁਹਿੰਮ 2ਆਰਵੀਅਰ ਨੰਗਲ ਤੋਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਦੇਖ–ਰੇਖ ਹੇਠ ਸ਼ੁਰੂ ਹੋਈ। ਸ. ਬੈਂਸ ਨੇ ਹਰੇਕ ਪਿੰਡ ਦੇ ਪੰਚ-ਸਰਪੰਚ ਨੂੰ ਆਪਣੀ ਗ੍ਰਾਮ ਪੰਚਾਇਤ ਵਿੱਚ ਤੁਰੰਤ ਸਫਾਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕ ਨਿਯਮਿਤ ਤੌਰ ’ਤੇ ਚੱਲ ਰਹੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਸਾਫ ਕਰਕੇ ਮੁੜ ਚਾਲੂ ਕਰ ਦਿੱਤਾ ਗਿਆ ਹੈ।
ਸਫਾਈ ਮੁਹਿੰਮ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੈਨੀਟਾਈਜ਼ਿੰਗ ਵਾਹਨ ਵਿੱਚ ਬੈਠੇ ਅਤੇ ਨੰਗਲ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਅਰੰਭ ਕੀਤੀ। ਉਨ੍ਹਾਂ ਨੇ ਖੁਦ ਵਾਹਨ ਰਾਹੀਂ ਨੰਗਲ ਸ਼ਹਿਰ ਦੇ ਵੱਖ–ਵੱਖ ਹਿੱਸਿਆਂ ਦਾ ਦੌਰਾ ਕੀਤਾ। ਇਹ ਖ਼ਾਸ ਵਾਹਨ ਆਧੁਨਿਕ ਪ੍ਰਣਾਲੀ ਅਤੇ ਵੱਡੇ ਟੈਂਕ ਨਾਲ ਲੈਸ ਹੈ, ਜੋ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕਰਦਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਸਕੇ। ਨੰਗਲ 2ਆਰਵੀਅਰ ਤੋਂ ਸ਼ੁਰੂ ਹੋਇਆ ਇਹ ਵਾਹਨ ਵੱਖ–ਵੱਖ ਬਾਜ਼ਾਰਾਂ, ਰਹਾਇਸ਼ੀ ਇਲਾਕਿਆਂ ਅਤੇ ਨੇੜਲੇ ਪਿੰਡਾਂ ਤੱਕ ਜਾ ਰਿਹਾ ਹੈ।
ਬੈਂਸ ਨੇ ਕਿਹਾ ਕਿ ਹੜ੍ਹ ਦੇ ਸਮੇਂ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਾ ਪਾਣੀ ਮਲੇਰੀਆ, ਡੇਂਗੂ ਅਤੇ ਚਿਕਨਪੌਕਸ ਵਰਗੀਆਂ ਬਿਮਾਰੀਆਂ ਵਧਾ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਤਿੰਨ ਕਿਸਮਾਂ ਦੀਆਂ ਕੈਮੀਕਲ ਫਾਗਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। ਵੱਡੀਆਂ ਮਸ਼ੀਨਾਂ ਵੱਡੀਆਂ ਸੜਕਾਂ ਲਈ, ਦਰਮਿਆਨੇ ਆਕਾਰ ਦੀਆਂ ਮਾਰਕੀਟਾਂ ਤੇ ਗਲੀਆਂ ਲਈ ਅਤੇ ਛੋਟੀਆਂ ਮਸ਼ੀਨਾਂ ਪਿੰਡਾਂ ਦੀਆਂ ਗਲੀਆਂ ਲਈ। ਉਨ੍ਹਾਂ ਕਿਹਾ ਕਿ ਇਹ ਫਾਗਿੰਗ ਮੁਹਿੰਮ ਅਗਲੇ 15 ਦਿਨ ਤੱਕ ਜਾਰੀ ਰਹੇਗੀ ਅਤੇ ਖ਼ਾਸ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾਵੇਗੀ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਅੱਜ 2ਆਰਵੀਅਰ ਨੰਗਲ ਤੋਂ ਹਲਕੇ ਵਿੱਚ ਫਾਗਿੰਗ ਮੁਹਿੰਮ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲਗਭਗ 100 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਜਾਇਦਾਦ, ਫ਼ਸਲਾਂ, ਜ਼ਮੀਨਾਂ ਅਤੇ ਪਸ਼ੂਆਂ ਨੂੰ ਹੋਇਆ ਨੁਕਸਾਨ ਅਸਲ ਅੰਦਾਜ਼ੇ ਤੋਂ ਕਾਫ਼ੀ ਵੱਧ ਹੈ। ਇਸ ਸਥਿਤੀ ਨੂੰ ਦੇਖਦਿਆਂ, ਪੰਜਾਬ ਸਰਕਾਰ ਨੇ ਹਰ ਹੜ੍ਹ ਪ੍ਰਭਾਵਿਤ ਪਰਿਵਾਰ ਤੱਕ ਰਾਹਤ ਪਹੁੰਚਾਉਣ ਲਈ “ਆਪਰੇਸ਼ਨ ਰਾਹਤ” ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਜਾਰੀ ਹੈ ਅਤੇ ਹਰ ਪ੍ਰਭਾਵਿਤ ਪਰਿਵਾਰ ਨੂੰ ਲੋੜੀਂਦੀ ਸਹਾਇਤਾ ਤੇ ਰਾਹਤ ਮੁਹੱਇਆ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here