
ਦੋਰਾਹਾ ਚ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਵਜੋਂ ਹੋਈ ਐ ਜੋ ਦੋਰਾਹਾ ਥਾਣੇ ਅਧੀਨ ਆਉਂਦੇ ਪਿੰਡ ਰਾਮਪੁਰ ਦਾ ਵਾਸੀ ਸੀ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਗੰਨਮੈਨ ਵਜੋਂ ਤੈਨਾਤ ਸੀ। ਇਹ ਅੱਜ ਆਪਣੇ ਪਿੰਡ ਵਿਚ ਹੀ ਕਿਸੇ ਜਾਣਕਾਰ ਦੇ ਘਰ ਗਿਆ, ਜਿੱਥੇ ਝਗੜੇ ਦੌਰਾਨ ਉਸ ਦੇ ਸਰਵਿਸ ਪਿਸਟਲ ਵਿਚੋਂ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਰ ਦੇ ਮਾਲਕਾਂ ਵੱਲੋਂ ਇਸ ਨੂੰ ਖੁਦਕੁਸ਼ੀ ਦੀ ਘਟਨਾ ਦੱਸਿਆ ਜਾ ਰਿਹਾ ਐ ਜਦਕਿ ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਇਲਜਾਮ ਲਾਏ ਨੇ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਉਸ ਦੇ ਭਰਾ ਦੇ ਇਕ ਕੁੜੀ ਨਾਲ ਪ੍ਰੇਮ ਸਬੰਧ ਸੀ, ਜਿਸ ਦਾ ਵਿਆਹ ਹੋ ਚੁੱਕਾ ਐ ਅਤੇ ਉਹ ਵਿਆਹ ਤੋਂ ਬਾਅਦ ਵੀ ਉਸਦੇ ਭਰਾ ਦੇ ਸੰਪਰਕ ਸੀ। ਉਸ ਨੇ ਕਿਹਾ ਕਿ ਉਕਤ ਪਰਿਵਾਰ ਨੇ ਉਸ ਦੇ ਭਰਾ ਨੂੰ ਆਪਣੇ ਘਰ ਬੁਲਾ ਕੇ ਗੋਲੀ ਮਾਰੀ ਐ। ਉਧਰ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


