
ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਆਏ ਹੜ੍ਹਾਂ ਨੇ ਜਿੱਥੇ ਫਸਲਾਂ ਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਐ ਉੱਥੇ ਹੀ ਸਰਕਾਰੀ ਸਕੂਲਾਂ ਦੀ ਹਾਲਤ ਵੀ ਵਿਗਾੜ ਦਿੱਤੀ ਐ। ਅਜਿਹੇ ਹੀ ਹਾਲਾਤ ਹਲਕੇ ਦੇ ਪਿੰਡ ਰੱਤਾ ਦੇ ਸਰਕਾਰੀ ਸਕੂਲ ਦੇ ਬਣੇ ਹੋਏ ਨੇ। ਹੜ ਦੇ ਪਾਣੀ ਨਾਲ ਫਰਨੀਚਰ, ਮਿਡ ਡੇ ਮੀਲ ਰਾਸ਼ਨ ਅਤੇ ਹੋਰ ਕੀਮਤੀ ਸਮਾਨ ਬਰਬਾਦ ਹੋ ਗਿਆ ਐ।
ਸਕੂਲ ਦੇ ਹਾਲਾਤ ਐਨੇ ਮਾੜੇ ਨੇ ਕਿ ਇੱਥੇ ਚਾਰੇ ਪਾਸੇ ਗਾਰਾ ਹੀ ਗਾਰਾ ਐ। ਹਾਲਤ ਇਹ ਐ ਕਿ ਇਸ ਵੇਲੇ ਪੂਰਾ ਸਕੂਲ ਕੀੜੇ ਮਕੌੜਿਆਂ ਤੇ ਸੱਪਾਂ ਦਾ ਰੈਣ ਬਸੈਰਾ ਬਣਿਆ ਹੋਇਆ ਐ। ਸਕੂਲ ਅਧਿਆਪਕਾਂ ਦੇ ਦੱਸਣ ਮੁਤਾਬਕ ਸਕੂਲ ਦੀ ਸਾਫ-ਸਫਾਈ ਤੇ 10 ਤੋਂ 15 ਦਿਨ ਦਾ ਸਮਾਂ ਲੱਗ ਸਕਦਾ ਐ। ਅਧਿਆਪਕਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਕੂਲ ਨੂੰ ਕੁੱਝ ਦਿਨਾਂ ਲਈ ਕਿਸੇ ਹੋਰ ਸੈਂਟਰ ਵਿਚ ਸ਼ਿਫਟ ਕਰਨ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਸਾਹਿਬਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਤੇ ਜਿਸ ਦੇ ਤਹਿਤ ਅੱਜ ਉਹ ਆਪਣੇ ਸਰਕਾਰੀ ਸਕੂਲ ਰੱਤਾ ਵਿਖੇ ਪਹੁੰਚੇ ਤਾਂ ਹਾਲਾਤ ਇਨੇ ਤਰਸ ਯੋਗ ਸਨ ਸਕੂਲ ਵਿੱਚ ਪਿਆ ਮਿਡ ਡੇ ਮੀਲ ਦਾ ਰਾਸ਼ਨ ਜਿਸ ਵਿੱਚ ਚਾਵਲ ਕਣਕ ਆਟਾ ਅਤੇ ਸੌਦਾ ਖਰਾਬ ਹੋ ਕੇ ਇਨੀ ਮੁਸ਼ਕ ਮਾਰ ਰਿਹਾ ਹੈ ਕਿ ਇਥੇ ਨੱਕ ਦੇਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਉਧਰ ਜਦ ਕਲਾਸ ਰੂਮਾਂ ਵਿੱਚ ਜਾ ਕੇ ਦੇਖਿਆ ਤਾਂ ਪੂਰਾ ਫਰਨੀਚਰ ਭਿੱਜਿਆ ਹੋਇਆ ਹੈ ਤੇ ਫਰਸ਼ ਉੱਪਰ ਕਰੀਬ ਇਕ ਫੁੱਟ ਰਿਬ ਜੰਮੀ ਪਈ ਹੈ ਤੇ ਜਦ ਦਫਤਰ ਵਿੱਚ ਜਾਣ ਲੱਗੇ ਤਾਂ ਮੌਕੇ ਤੇ ਦੋ ਸੱਪ ਬੈਠੇ ਹੋਏ ਸਨ ਜਿਨਾਂ ਨੂੰ ਡੰਡੇ ਦੀ ਮਦਦ ਨਾਲ ਭਜਾਇਆ ਗਿਆ। ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਸਾਫ ਸਫਾਈ ਤੇ ਕਰੀਬ ਘੱਟ ਤੋਂ ਘੱਟ 15 ਦਿਨ ਦਾ ਸਮਾਂ ਲੱਗੇਗਾ ਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਦਾ ਖਿਆਲ ਰੱਖਦੇ ਹੋਏ ਸਕੂਲ ਕੁਝ ਦਿਨਾਂ ਦੇ ਲਈ ਕਿਸੇ ਹੋਰ ਸੈਂਟਰ ਵਿੱਚ ਸਿਫਟ ਕੀਤਾ ਜਾਵੇ।


