ਮੋਗਾ ਨੇੜੇ ਪੈਂਦੇ ਪਿੰਡ ਬਹੋਨਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਿੰਡ ਦਾ ਸਾਬਕਾ ਕਾਂਗਰਸੀ ਸਰਪੰਚ ਦਾ ਪਤੀ ਬਲਰਾਜ ਸਿੰਘ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਟੈਂਕੀ ਉੱਤੇ ਚੜ੍ਹ ਗਿਆ। ਉਹ ਲਗਾਤਾਰ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਾ ਰਿਹਾ ਤੇ ਹੇਠਾਂ ਖੜ੍ਹੇ ਪਿੰਡ ਵਾਸੀ ਉਸ ਨੂੰ ਉਤਾਰਨ ਲਈ ਮਿਨਤਾਂ ਕਰਦੇ ਰਹੇ। ਸਾਬਕਾ ਸਰਪੰਚ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਵਿੱਚ ਕਈ ਵਿਕਾਸ ਕਾਰਜ ਕੀਤੇ ਸਨ। ਉਹਨਾਂ ਕੰਮਾਂ ਦੇ ਲਗਭਗ ਤਿੰਨ ਲੱਖ ਰੁਪਏ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਬਲਰਾਜ ਸਿੰਘ ਦੇ ਅਨੁਸਾਰ ਇਹ ਕੇਸ ਕਈ ਵਾਰ ਦਫਤਰਾਂ ਵੱਲੋਂ ਰਿਜੈਕਟ ਹੁੰਦੇ ਰਹੇ, ਪਰ ਆਖ਼ਿਰਕਾਰ 2022 ਨਰੇਗਾ ਅਧੀਨ ਪਿੰਡ ਵਿੱਚ ਕੰਮ ਕਰਵਾਇਆ ਸੀ। ਉਸ ਕੀਤੇ ਹੋਏ ਕੰਮ ਦੇ ਬਾਅਦ ਵੀ ਭੁਗਤਾਨ ਨਾ ਹੋਣ ਕਾਰਨ ਉਹ ਹਤਾਸ਼ ਹੋ ਗਿਆ। ਖਬਰ ਲਿਖੇ ਜਾਣ ਤਕ ਪੀੜਤ ਟੈਂਕੀ ਤੇ ਹੀ ਮੌਜੂਦ ਸੀ।
ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਨੇ ਵੀ ਬਲਰਾਜ ਸਿੰਘ ਦੇ ਹੱਕ ਵਿਚ ਨਿਤਰਦਿਆਂ ਕਿਹਾ ਕਿ ਉਸ ਨੇ ਆਪਣੇ ਕਾਰਜਕਾਲ ਸਮੇਂ ਪੱਲਿਓ ਪੈਸੇ ਖਰਚ ਕੇ ਕੰਮ ਕਰਵਾਏ ਸੀ, ਜਿਸ ਦੀ ਅਦਾਇਗੀ ਦੀ ਮੰਗ ਕਰ ਰਿਹਾ ਸੀ। ਉਹ ਇਸ ਬਾਰੇ ਸਰਪੰਚ ਜ਼ਰੀਏ ਵੀ ਮਹਿਕਮੇ ਤਕ ਪਹੁੰਚ ਕਰ ਚੁੱਕਿਆ ਐ ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬਲਰਾਜ ਸਿੰਘ ਕਾਫੀ ਸਮੇਂ ਪੈਸਿਆਂ ਲਈ ਸਰਕਾਰੇ ਦਰਬਾਰੇ ਪਹੁੰਚ ਕਰ ਰਿਹਾ ਸੀ। ਚੰਡੀਗੜ੍ਹ ਦਫ਼ਤਰ ਵੱਲੋਂ ਭੁਗਤਾਨ ਮਨਜ਼ੂਰ ਹੋਣ ਦੇ ਬਾਵਜੂਦ ਪੈਸੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ।
ਪਿੰਡ ਵਾਸੀਆਂ ਨੇ ਬਲਰਾਜ ਸਿੰਘ ਨੂੰ ਥੱਲੇ ਆਉਣ ਦੀ ਅਪੀਲ ਕੀਤੀ ਪਰ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਥੱਲੇ ਆਉਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਪਟਰੌਲ ਪਾ ਕੇ ਖੁਦ ਨੂੰ ਅੱਗ ਲਗਾ ਲਵੇਗਾ। ਖਬਰ ਲਿਖੇ ਜਾਣ ਤਕ ਕੋਈ ਵੀ ਪੁਲਿਸ ਜਾਂ ਹੋਰ ਅਧਿਕਾਰੀ ਮੌਕੇ ਤੇ ਨਹੀਂ ਸੀ ਪਹੁੰਚਿਆ ਅਤੇ ਬਲਰਾਜ ਸਿੰਘ ਟੈਂਕੀ ਤੇ ਹੀ ਮੌਜੂਦ ਸੀ। ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਪਿੰਡ ਵਾਸੀ ਉਸਨੂੰ ਹੇਠਾਂ ਲਿਆਉਣ ਲਈ ਤਰਲੇ ਕਰਦੇ ਰਹੇ ਪਰ ਉਹ ਆਪਣੀ ਮੰਗ ਤੇ ਬਜਿੱਦ ਐ।