ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਵੰਗਲ ਵਿਖੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਗਰੀਬ ਪਰਿਵਾਰ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ। ਇਸ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਪਰਿਵਾਰ ਦਾ ਸਾਮਾਨ ਬਰਬਾਦ ਹੋ ਗਿਆ ਐ। ਘਰ ਦੇ ਮਾਲਕ ਸਤਨਾਮ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਮਾਲੀ ਹਾਲਤ ਕਾਫੀ ਮਾੜੀ ਐ ਅਤੇ ਉਨ੍ਹਾਂ ਨੇ 26 ਸਾਲ ਪਹਿਲਾ ਬਾਦਲ ਸਰਕਾਰ ਵੇਲੇ ਪੰਜ ਮਰਲੇ ਪਲਾਟ ਵਿਚ ਘਰ ਬਣਾਇਆ ਸੀ ਜੋ ਹੁਣ ਕਾਫੀ ਖਰਾਬ ਹਾਲਤ ਵਿਚ ਸੀ। ਬੀਤੀ ਰਾਤ ਘਰ ਦੀ ਅਚਾਨਕ ਛੱਤ ਡਿੱਗ ਗਈ। ਇਸ ਦੌਰਾਨ ਪਰਿਵਾਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਤਾਂ ਬਚਾ ਲਈ ਪਰ ਸਾਮਾਨ ਬਰਬਾਦ ਹੋ ਗਿਆ ਐ। ਪਰਿਵਾਰ ਨੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਐ।
ਜਾਣਕਾਰੀ ਮੁਤਾਬਕ ਇਹ ਘਰ ਉਸ ਕਲੋਨੀ ਵਿੱਚ ਬਣਿਆ ਸੀ ਜੋ ਬਾਦਲ ਸਰਕਾਰ ਦੇ ਸਮੇਂ 1999 ਵਿੱਚ ਬੇਘਰ ਪਰਿਵਾਰਾਂ ਲਈ ਪੰਜ ਪੰਜ ਮਰਲਿਆਂ ਦੇ ਪਲਾਟ ਕੱਟ ਕੇ ਦਿੱਤੀ ਗਈ ਸੀ। ਇਸ ਕਲੋਨੀ ਵਿੱਚ ਕੁੱਲ 16 ਘਰ ਬਣਾਏ ਗਏ ਸਨ ਪਰ 26 ਸਾਲਾਂ ਦੇ ਲੰਬੇ ਸਮੇਂ ਬਾਅਦ ਇਹ ਘਰ ਹੁਣ ਖਸਤਾਹਾਲ ਹੋ ਚੁੱਕੇ ਹਨ। ਲਗਾਤਾਰ ਪਿਛਲੇ ਦਿਨਾਂ ਵਿੱਚ ਪਈ ਬਾਰਿਸ਼ ਕਾਰਨ ਇਹਨਾਂ ਘਰਾਂ ਦੀਆਂ ਛੱਤਾਂ ਦੀ ਹਾਲਤ ਹੋਰ ਵੀ ਬੇਹੱਦ ਮਾੜੀ ਹੋ ਗਈ ਹੈ।
ਪਿੰਡ ਵਾਸੀਆਂ ਦੇ ਅਨੁਸਾਰ 16 ਘਰਾਂ ਵਿੱਚੋਂ ਜ਼ਿਆਦਾਤਰ ਦੇ ਲੈਂਟਰ ਉੱਪਰੋਂ ਸੀਮੈਂਟ ਉਤਰਨਾ ਸ਼ੁਰੂ ਹੋ ਚੁੱਕਾ ਹੈ ਤੇ ਕਈ ਘਰਾਂ ਵਿੱਚ ਛੱਤਾਂ ਨੂੰ ਬੱਲੀਆਂ ਸਹਾਰੇ ਰੋਕਿਆ ਹੋਇਆ ਹੈ। ਬੀਤੀ ਰਾਤ ਇਸ ਕਲੋਨੀ ਦੇ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਨ੍ਹਾਂ ਵਿੱਚੋਂ ਇੱਕ ਸਤਨਾਮ ਸਿੰਘ ਦਾ ਘਰ ਵੀ ਸ਼ਾਮਲ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੌਂ ਰਹੇ ਸਨ ਕਿ ਅਚਾਨਕ ਛੱਤ ਡਿੱਗ ਗਈ, ਹਾਲਾਂਕਿ ਸਮੇਂ ਸਿਰ ਬਾਹਰ ਨਿਕਲਣ ਨਾਲ ਜਾਨੀ ਨੁਕਸਾਨ ਤੋਂ ਬਚ ਗਏ ਪਰ ਘਰ ਦੇ ਅੰਦਰ ਪਿਆ ਸਾਰਾ ਸਮਾਨ ਤਬਾਹ ਹੋ ਗਿਆ।
ਪਿੰਡ ਵੰਗਲ ਦੇ ਸਰਪੰਚ ਨੇ ਦੱਸਿਆ ਕਿ ਇਸ ਕਲੋਨੀ ਦੇ ਸਾਰੇ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ ਤੇ ਆਪਣਾ ਘਰ ਮੁਰੰਮਤ ਕਰਾਉਣ ਦੇ ਯੋਗ ਨਹੀਂ ਹਨ। ਸਰਪੰਚ ਨੇ ਇਹ ਵੀ ਕਿਹਾ ਕਿ ਹੁਣ ਗਰੀਬ ਪਰਿਵਾਰ ਛੱਤਾਂ ਡਿੱਗਣ ਕਾਰਨ ਤਰਪੈਲਾਂ ਦੇ ਤੰਬੂ ਲਗਾ ਕੇ ਰਹਿਣ ਲਈ ਮਜਬੂਰ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਮੁੜ ਛੱਤਾਂ ਹੇਠ ਰਹਿ ਸਕਣ ਤੇ ਵੱਡੇ ਹਾਦਸੇ ਤੋਂ ਬਚ ਸਕਣ।