ਪੰਜਾਬ ਗੁਰੂ ਘਰ ਨਤਮਸਤਕ ਹੋਈ ਵਿਧਾਇਕ ਗਨੀਵ ਕੌਰ; ਬਿਕਰਮ ਮਜੀਠੀਆ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਸ਼ੁਰੂ; ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੀਤੀ ਗਈ ਅਰਦਾਸ By admin - September 5, 2025 0 4 Facebook Twitter Pinterest WhatsApp ਅਕਾਲੀ ਦਲ ਦੀ ਵਿਧਾਇਕਾ ਅਤੇ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਅੱਜ ਗੁਰੂ ਰਾਮਦਾਸ ਜੀ ਦੇ ਦਰ ’ਤੇ ਨਤਮਸਤਕ ਹੋਣ ਲਈ ਪਹੁੰਚੀ। ਇਸ ਦੌਰਾਨ ਉਹਨਾਂ ਨੇ ਮਜੀਠੀਆ ਦੀ ਚੜਦੀ ਕਲਾ ਅਤੇ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਲਈ ਸ੍ਰੀ ਅਖੰਡ ਪਾਠ ਸ਼ੁਰੂ ਕਰਵਾਇਆ। ਇਸ ਦੌਰਾਨ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਨੇ ਕਿਹਾ ਕਿ ਪੰਜਾਬ ਬਹੁਤ ਹੀ ਗੰਭੀਰ ਸਥਿਤੀ ਵਿੱਚੋਂ ਲੰਘ ਰਿਹਾ ਹੈ ਅਤੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪੈ ਰਿਹਾ ਐ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਭਾਵੇਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਐ ਪਰ ਕੋਈ ਐਲਾਨ ਨਹੀਂ ਕੀਤਾ, ਜੋ ਲੋਕਾਂ ਦੀਆਂ ਉਮੀਦਾਂ ਤੋੜਣ ਵਾਲਾ ਐ। ਉਨ੍ਹਾਂ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਹਰ ਪੀੜਤ ਤਕ ਰਾਹਤ ਪਹੁੰਚ ਸਕੇ। ਭਿੱਟੇਵਡ ਨੇ ਕਿਹਾ ਕਿ ਪੰਜਾਬ ਦੇ ਲੋਕ ਸਦਾ ਦੇਸ਼ ਦੀ ਰਾਖੀ ਅਤੇ ਅੰਨ ਦੀ ਸਪਲਾਈ ਵਿੱਚ ਅੱਗੇ ਰਹੇ ਹਨ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਹਰ ਕੰਮ ਛੱਡ ਕੇ ਪੰਜਾਬ ਦੀ ਸਹਾਇਤਾ ਲਈ ਅੱਗੇ ਆਵੇ। ਉਹਨਾਂ ਮੰਗ ਕੀਤੀ ਕਿ ਜਾਨਵਰਾਂ ਦੇ ਨੁਕਸਾਨ, ਫਸਲਾਂ ਦੀ ਤਬਾਹੀ ਅਤੇ ਘਰਾਂ ਦੇ ਡਿੱਗਣ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਜਿਹੜੇ ਲੋਕ ਤੂੜੀ, ਚਾਰਾ, ਦਵਾਈਆਂ ਜਾਂ ਖਾਣ-ਪੀਣ ਦਾ ਸਮਾਨ ਹੜ੍ਹ ਪੀੜਤਾਂ ਲਈ ਲਿਆ ਕੇ ਦਿੰਦੇ ਹਨ, ਉਹਨਾਂ ਦੀਆਂ ਭੇਟਾਂ ਕਿਸੇ ਜ਼ਿੰਮੇਵਾਰ ਸੰਸਥਾ ਰਾਹੀਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਬਹੁਤ ਵਾਰ ਸਮਾਨ ਸੜਕਾਂ ’ਤੇ ਹੀ ਪਿਆ ਰਹਿ ਜਾਂਦਾ ਹੈ ਜਾਂ ਬੇਕਾਰ ਹੋ ਜਾਂਦਾ ਹੈ ਅਤੇ ਜਿਸਦੇ ਲਈ ਉਹ ਭੇਟ ਕੀਤਾ ਜਾਂਦਾ ਹੈ, ਉਹਨਾਂ ਤੱਕ ਨਹੀਂ ਪਹੁੰਚਦਾ। ਅੰਤ ਵਿੱਚ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਪੰਜਾਬ ਨੂੰ ਇਸ ਕਰੋਪੀ ਤੋਂ ਰਾਹਤ ਦੇਣ ਅਤੇ ਲੋਕਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ।