
ਪੰਜਾਬ ਅੰਦਰ ਲਗਾਤਾਰ ਵਾਪਰ ਰਹੀਆਂ ਅਗਜਨੀ ਦੀਆਂ ਘਟਨਾਵਾਂ ਨੇ ਬਹੁਤ ਸਾਰੇ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਨੇ। ਕੁੱਝ ਥਾਵਾਂ ਤੇ ਤਾਂ ਅੱਗ ਨੇ ਅਜਿਹਾ ਤਾਂਡਵ ਕੀਤਾ ਐ ਕਿ ਪੀੜਤਾਂ ਕੋਲ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ। ਇਸੇ ਦੌਰਾਨ ਕੁੱਝ ਸੰਕੂਨ ਦਿੰਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਚ ਪਿੰਡਾਂ ਦੇ ਲੋਕ ਪੀੜਤਾਂ ਮਸੀਹਾ ਬਣ ਨਿਤਰੇ ਨੇ। ਅਜਿਹੀਆਂ ਹੀ ਤਸਵੀਰਾਂ ਫਰੀਦਕੋਟ ਦੇ ਪਿੰਡ ਢਿੱਲਵਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਸਰਪੰਚ ਦੀ ਪ੍ਰੇਰਣਾ ਸਦਕਾ ਪਿੰਡ ਵਾਸੀਆਂ ਨੇ ਘਰ ਘਰ ਉਗਰਾਹੀ ਕਰ ਕੇ ਅੱਗ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਐ। ਸਾਹਮਣੇ ਆਈਆ ਤਸਵੀਰਾਂ ਵਿਚ ਪਿੰਡ ਦੇ ਲੋਕ ਟਰਾਲੀਆਂ ਲੈ ਕੇ ਗਲੀਆਂ ਵਿਚ ਘੁੰਮਦੇ ਦਿਖਾਈ ਦਿੰਦੇ ਨੇ ਜੋ ਘਰ ਘਰ ਜਾ ਕੇ ਲੋਕਾਂ ਨੂੰ ਵਿੱਤ ਮੁਤਾਬਕ ਕਣਕ ਦਾਨ ਕਰਨ ਲਈ ਕਹਿ ਰਹੇ ਨੇ। ਦੂਜੇ ਪਾਸੇ ਪਿੰਡ ਵਾਸੀ ਵੀ ਕਿਸੇ ਨੂੰ ਘਰੋਂ ਖਾਲੀ ਵਾਪਸ ਨਹੀਂ ਮੋੜ ਰਹੇ, ਕੋਈ ਪੈਸੇ ਦੇ ਰਿਹਾ ਹੈ ਅਤੇ ਕੋਈ ਕਣਕ ਦੀਆਂ ਬੋਰੀਆਂ ਦੇ ਰਹੇ ਨੇ। ਭਾਈਚਾਰਕ ਸਾਂਝ ਦੀ ਇਸ ਮਿਸਾਲ ਦੀ ਥਾਂ ਥਾਂ ਚਰਚਾ ਹੋ ਰਹੀ ਐ ਅਤੇ ਲੋਕ ਪਿੰਡ ਵਾਸੀਆਂ ਦੇ ਪੀੜਤਾਂ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰ ਰਹੇ ਨੇ। ਸੇਵਾ ਕਰ ਰਹੇ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਦੇ ਕਈ ਕਿਸਾਨਾਂ ਦੀ ਫਸਲ ਸੜਕੇ ਸਵਾਹ ਹੋ ਗਈ ਜਿਸ ਕਰਕੇ ਉਹਨਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਸ ਕਰਕੇ ਸਾਰੇ ਪਿੰਡ ਵਾਲਿਆਂ ਨੇ ਫੈਸਲਾ ਲਿਆ ਕਿ ਇਹਨਾਂ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਅਸੀਂ ਹਰ ਘਰ ਵਿੱਚੋਂ ਕਣਕ ਇਕੱਠੀ ਕਰ ਰਹੇ ਹਾਂ। ਇਸ ਕਾਰਜ ਵਿਚ ਸਾਰੇ ਪਿੰਡ ਵਾਸੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਨੇ ਤਾਂ ਜੋ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਪਿੰਡ ਵਾਸੀਂਆਂ ਨੇ ਬਾਕੀ ਪਿੰਡ ਵਾਸੀਆਂ ਨੂੰ ਵੀ ਅਜਿਹੇ ਕਾਰਜ ਅਰੰਭਣ ਦੀ ਅਪੀਲ ਕੀਤੀ ਐ ਤਾਂ ਜੋ ਕੁਦਰਤੀ ਮਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਢਾਰਸ ਦਿੱਤੀ ਜਾ ਸਕੇ।



