
ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਲੋਕ ਤੇ ਨਹਿਰੀ ਵਿਭਾਗ ਆਹਮੋ ਸਾਹਮਣੇ ਹੋ ਗਿਆ ਐ। ਦਰਅਸਲ ਪਿੰਡ ਵਾਸੀ ਬਰਸਾਤੀ ਪਾਣੀ ਨੂੰ ਨਹਿਰ ਦਾ ਕੰਡਾ ਤੋੜ ਕੇ ਅੰਦਰ ਸੁੱਟਣਾ ਚਾਹੁੰਦੇ ਸੀ, ਜਿਸ ਦਾ ਨਹਿਰੀ ਵਿਭਾਗ ਦੇ ਮੁਲਾਜਮਾਂ ਨੇ ਵਿਰੋਧ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬਰਸਾਤੀ ਪਾਣੀ ਨਾਲ ਲੋਕਾਂ ਦੇ ਘਰ ਡਿੱਗ ਰਹੇ ਨੇ, ਜਿਸ ਦੇ ਚਲਦਿਆਂ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਸੀ ਜਦਕਿ ਨਹਿਰੀ ਵਿਭਾਗ ਦਾ ਮੁਲਾਜਮਾਂ ਦਾ ਤਰਕ ਸੀ ਕਿ ਨਹਿਰ ਵਿਚ ਪਾਣੀ ਪੱਖੇ ਆਦਿ ਦੀ ਮਦਦ ਨਾਲ ਹੀ ਸੁੱਟਿਆ ਜਾ ਸਕਦਾ ਐ। ਨਹਿਰੀ ਵਿਭਾਗ ਦੀ ਇਤਲਾਹ ਬਾਅਦ ਮੌਕੇ ਤੇ ਭਾਰੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ, ਜਿਸ ਦਾ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਵਿਰੋਧ ਕੀਤਾ।
ਜਾਣਕਾਰੀ ਅਨੁਸਾਰ ਪਿੰਡ ਦੀਪ ਸਿੰਘ ਵਾਲਾ ਵਿਖੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੂਰੇ ਪਿੰਡ ਵਿੱਚ ਬਾਰਿਸ਼ ਦਾ ਪਾਣੀ ਭਰ ਗਿਆ। ਇਸੇ ਤਰ੍ਹਾਂ ਸੇਮ ਨਾਲਾ ਓਵਰ ਫਲੋਅ ਹੋਣ ਕਾਰਨ ਵੀ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਪਣੇ ਪਿੰਡਾਂ ਦੇ ਖੇਤਾਂ ਵਿੱਚ ਅਤੇ ਘਰਾਂ ਵਿੱਚ ਜਮਾਂ ਹੋਏ ਪਾਣੀ ਨੂੰ ਪਿੰਡ ਵਿੱਚੋਂ ਲੰਘਦੀ ਨਹਿਰ ਵਿੱਚ ਸੁੱਟਣ ਲਈ ਨਹਿਰ ਦੀ ਪਟੜੀ ਨੂੰ ਜੇਸੀਬੀ ਦੀ ਮਦਦ ਨਾਲ ਤੋੜ ਦਿੱਤਾ ਜਿਸ ਨੂੰ ਲੈ ਕੇ ਨਹਿਰੀ ਵਿਭਾਗ ਅਤੇ ਪਿੰਡ ਵਾਸੀਆਂ ਵਿਚਕਾਰ ਤਲਖ ਮਾਹੌਲ ਬਣ ਗਿਆ। ਇਸੇ ਦੌਰਾਨ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਜਿੱਥੇ ਪਿੰਡ ਵਾਸੀਆਂ ਨੂੰ ਨਹਿਰ ਦਾ ਕਿਨਾਰਾ ਤੋੜ ਕੇ ਪਾਣੀ ਉਸ ਵਿੱਚ ਡਰੇਨ ਕਰਨ ਤੋਂ ਰੋਕਿਆ ਗਿਆ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਪੁਲਿਸ ਅਤੇ ਨਹਿਰੀ ਵਿਭਾਗ ਦਾ ਡੱਟ ਕੇ ਵਿਰੋਧ ਕੀਤਾ ਗਿਆ।
ਕਿਸਾਨਾਂ ਦਾ ਇਲਜਾਮ ਸੀ ਕਿ ਪਿੰਡ ਵਿੱਚੋਂ ਲੰਘਦੇ ਸੇਮ ਨਾਲੇ ਦੀ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ ਅਤੇ ਨਾ ਹੀ ਕੁਝ ਪਿੰਡਾਂ ਵਿੱਚ ਸਹੀ ਤਰੀਕੇ ਨਾਲ ਪੁਲ ਬਣਾਏ ਗਏ ਹਨ ਜਿਸ ਕਾਰਨ ਸੇਮ ਨਾਲੇ ਵਿੱਚੋਂ ਪੂਰੀ ਤਰ੍ਹਾਂ ਪਾਣੀ ਡਰੇਨ ਨਹੀਂ ਹੋ ਰਿਹਾ ਅਤੇ ਸੇਮ ਨਾਲੇ ਵਿੱਚ ਉੱਗੇ ਘਾਹ ਫੂਸ ਕਾਰਨ ਵੀ ਪਾਣੀ ਦੀ ਨਿਕਾਸੀ ਨੂੰ ਰੋਕ ਲੱਗ ਰਹੀ ਹੈ। ਉਹਨਾਂ ਸਰਕਾਰ ਤੇ ਦੋਸ਼ ਲਗਾਏ ਕਿ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਹੋਣੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਇਸ ਦਾ ਖਮਿਆਜਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਨਹਿਰ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਰਕੇ ਪਿੰਡ ਦਾ ਪਾਣੀ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਨਹਿਰੀ ਵਿਭਾਗ ਅਤੇ ਪੁਲਿਸ ਵੱਲੋਂ ਉਸ ਨੂੰ ਰੋਕਿਆ ਜਾ ਰਿਹਾ। ਦੂਜੇ ਪਾਸੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਨਹਿਰ ਦਾ ਕਿਨਾਰਾ ਤੋੜ ਕੇ ਇਸ ਤਰ੍ਹਾਂ ਪਾਣੀ ਸੁੱਟਿਆ ਜਾਂਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਜੇਕਰ ਨਹਿਰ ਅੰਦਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਇਸ ਟੁੱਟੇ ਨਹਿਰ ਦੇ ਕਿਨਾਰੇ ਕਾਰਨ ਸਾਰਾ ਪਾਣੀ ਪਿੰਡਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਸਿੱਧੇ ਤੌਰ ਤੇ ਨਹਿਰ ਦੇ ਕਿਨਾਰੇ ਦੀ ਕਟਾਈ ਕਰਕੇ ਇਹ ਪਾਣੀ ਨਹੀਂ ਸੁੱਟਿਆ ਜਾ ਸਕਦਾ । ਪਾਣੀ ਨੂੰ ਡਰੇਨ ਕਰਨ ਲਈ ਪੰਪ ਅਤੇ ਮੋਟਰ ਦੀ ਇਸਤੇਮਾਲ ਕੀਤੀ ਜਾ ਸਕਦਾ ਹੈ। ਉਧਰੋਂ ਪੁਲਿਸ ਵੱਲੋਂ ਕਾਫੀ ਕੋਸ਼ਿਸ਼ਾਂ ਬਾਅਦ ਪਿੰਡ ਵਾਸੀਆਂ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਗਿਆ ਕਿ ਪੰਪਾਂ ਜਰੀਏ ਪਾਣੀ ਦੇ ਨਿਕਾਸ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਦਾ ਨੁਕਸਾਨ ਨਾ ਹੋਵੇ ਤੇ ਨਹਿਰ ਨੂੰ ਵੀ ਟੁੱਟਣ ਤੋਂ ਬਚਾਇਆ ਜਾ ਸਕੇ।


