
ਮੁਕਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਲਾਰੈਂਸ ਗਰੋਹ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮਾਂ ਦੀ ਪਛਾਣ ਗੁਰਦੀਪ ਸਿੰਘ, ਪੁੱਤਰ ਬਲਵੀਰ ਸਿੰਘ ਵਾਸੀ ਬਧਨੀ ਕਲਾਂ, ਜ਼ਿਲ੍ਹਾ ਮੋਗਾ ਅਤੇ ਗੁਰਸੇਵਕ ਸਿੰਘ ਉਰਫ ਮੋਟਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮਨੂ ਕੇ ਸੰਧੂ ਲੁਧਿਆਣਾ ਵਜੋਂ ਹੋਈ ਐ। ਫੜੇ ਗਏ ਮੁਲਜਮਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਇਨ੍ਹਾਂ ਵਿਚੋਂ ਗੁਰਦੀਪ ਸਿੰਘ ਖਿਲਾਫ ਆਪਣੇ ਰਿਸ਼ਤੇਦਾਰ ਦੀ ਹੱਤਿਆ ਦਾ ਮਾਮਲਾ ਦਰਜ ਐ। ਪੁਲਿਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।
ਪੁਲਿਸ ਦੀ ਮੁਢਲੀ ਪੜਤਾਲ ਦੌਰਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਦੇਸ ਰਾਜ ਦੀ ਹੱਤਿਆ ਰਣਜੀਤ ਸਿੰਘ ਪੁੱਤਰ ਮਨਕਾ, ਹਨਸ਼ਾ ਹਲਵਾਈ, ਨੌਸ਼ਾ ਅਤੇ ਸੀਪਾ ਨੇ ਕੀਤੀ ਸੀ ਜੋ ਇਸ ਸਮੇਂ ਜੇਲ੍ਹ ਵਿੱਚ ਹਨ। ਹਥਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ ਦੌਰਾਨ, ਗੁਰਦੀਪ ਸਿੰਘ ਦੀ ਮੁਲਾਕਾਤ ਹਰਜੋਤ ਸਿੰਘ ਉਰਫ਼ ਨੀਲਾ ਅਤੇ ਜਗਦੀਪ ਸਿੰਘ ਉਰਫ਼ ਜੱਗਾ, ਪੁੱਤਰ ਜਤਿੰਦਰ ਸਿੰਘ, ਨਿਵਾਸੀ ਪਿੰਡ ਧੁਲਕੋਟ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਨਾਲ ਹੋਈ। ਦੋਵੇਂ ਨੀਲਾ ਅਤੇ ਜੱਗਾ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਹਨ। ਨੀਲਾ ਦੇ ਹੁਕਮ ‘ਤੇ ਗੁਰਸੇਵਕ ਅਤੇ ਗੁਰਦੀਪ ਇੰਦੌਰ ਗਏ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਨੂੰ 5 ਪਿਸਟਲਾਂ ਸਪੁਰਦ ਕੀਤੀਆਂ ਗਈਆਂ।
ਇਨ੍ਹਾਂ ਵਿੱਚੋਂ 2 ਪਿਸਟਲਾਂ ਮੁਲਜ਼ਮਾਂ ਨੇ ਆਪਣੇ ਕੋਲ ਰੱਖੀਆਂ ਅਤੇ ਬਾਕੀ 3 ਨੀਲਾ ਨੂੰ ਸਪੁਰਦ ਕਰਨੀਆਂ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਰਜੋਤ ਸਿੰਘ ਉਰਫ਼ ਨੀਲਾ ਖ਼ਿਲਾਫ਼ 12 ਮੁਕਦਮੇ ਅਤੇ ਜਗਦੀਪ ਸਿੰਘ ਉਰਫ਼ ਜੱਗਾ ਦੇ ਖ਼ਿਲਾਫ਼ 10 ਮੁਕਦਮੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸੂਬੇ ‘ਚ ਦਰਜ ਹਨ।


