ਪੰਜਾਬ ਬਰਨਾਲਾ ’ਚ ਘਰ ਦੀ ਛੱਤ ਡਿੱਗਣ ਕਾਰਨ ਇਕ ਮੌਤ, ਚਾਰ ਜ਼ਖਮੀ; ਘਰ ਦੇ ਮੁਖੀਏ ਦੇ ਮੌਤ, ਪਤਨੀ ਸਮੇਤ ਤਿੰਨ ਬੱਚੇ ਜ਼ਖਮੀ By admin - August 28, 2025 0 4 Facebook Twitter Pinterest WhatsApp ਬਰਨਾਲਾ ਦੇ ਗੁਰੂ ਨਾਨਕ ਨਗਰ ਵਿਖੇ ਸਥਿਤ ਬਾਜੀਗਰ ਬਸਤੀ ਵਿਚ ਅੱਜ ਚੜ੍ਹਦੀ ਸਵੇਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਘਰ ਦੀ ਅਚਾਨਕ ਛੱਤ ਡਿੱਗ ਗਈ। ਜਿਸ ਕਾਰਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੁੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੋਂ ਮੁਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਐ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਐ ਜਦਕਿ ਜ਼ਖਮੀਆਂ ਵਿਚ ਉਸ ਦੀ ਪਤਨੀ ਤੇ ਤਿੰਨ ਬੱਚੇ ਸ਼ਾਮਲ ਨੇ। ਮੌਕੇ ਤੇ ਮੌਜੂਦ ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਚਾਰ ਕੁ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਅਚਾਨਕ ਘਰ ਦੀ ਛੱਤ ਡਿੱਗ ਪਈ। ਮੌਕੇ ‘ਤੇ ਇਕੱਠੇ ਹੋਏ ਆਂਢ ਗੁਆਂਢ ਦੇ ਲੋਕਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਸਵੇਰ ਹੋਣ ਤੱਕ ਮੌਕੇ ‘ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਮਲਕੀਤ ਸਿੰਘ ਅਤੇ ਠੇਕੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਭਾਵੇਂ ਸਵੇਰੇ 4 ਵਜੇ ਦਾ ਵਾਪਰਿਆ ਹੈ ਪਰੰਤੂ ਦਿਨ ਚੜਨ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਦੱਸ ਦੇਈਏ ਕਿ ਮ੍ਰਿਤਕ ਲਖਵਿੰਦਰ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਜਿਸ ਦੇ ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਾਰਨ ਉਸ ਤੋਂ ਸਮੇਂ ਸਿਰ ਆਪਣੇ ਘਰ ਦੀ ਛੱਤ ਵੀ ਨਾ ਬਦਲੀ ਗਈ। ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਇਹ ਮਾਲੀ ਸਹਾਇਤਾ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਉਹ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਸਸਕਾਰ ਵੀ ਨਹੀਂ ਕਰਨਗੇ।