ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਣ ਮੰਡ ਇਲਾਕੇ ਦੇ ਹਾਲਾਤ ਲਗਾਤਾਰ ਖਰਾਬ ਹੋ ਰਹੇ ਨੇ, ਜਿਸ ਦੇ ਚਲਦਿਆਂ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਐ। ਇਸੇ ਤਹਿਤ ਮੰਡ ਇਲਾਕੇ ਦੇ ਪਿੰਡਾਂ ਵਿੱਚੋਂ 15 ਪਰਿਵਾਰਾਂ ਨੂੰ ਮਾਲ ਡੰਗਰ ਸਮੇਤ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਆਂਦਾ ਗਿਆ ਐ। ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨੂੰ ਲਗਾਤਾਰ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਦੀ ਅਪੀਲ ਕੀਤੀ ਐ। ਦੱਸਣਯੋਗ ਐ ਕਿ ਪਾਣੀ ਦੇ ਵਧਦੇ ਖਤਰੇ ਦੇ ਬਾਵਜੂਦ ਕਈ ਪਰਿਵਾਰ ਘਰ-ਬਾਹਰ ਛੱਡਣ ਲਈ ਰਾਜ਼ੀ ਨਹੀਂ ਸੀ ਹੋ ਰਹੇ। ਸੰਤ ਸੀਚੇਵਾਲ ਨੇ ਅਜਿਹੇ ਪਰਿਵਾਰਾਂ ਨੂੰ ਪ੍ਰੇਰ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਐ। ਜਿਹੜੇ ਪਰਿਵਾਰ ਬਾਹਰ ਆਉਣ ਨੂੰ ਨਹੀ ਤਿਆਰ ਹੋਏ ਉਹਨਾਂ ਨੂੰ ਪੀਣ ਵਾਲਾ ਪਾਣੀ, ਰਾਸ਼ਨ ਅਤੇ ਪਸ਼ੂਆਂ ਦਾ ਅਚਾਰ ਉਚੇਚੇ ਤੌਰ ਤੇ ਪਹੁੰਚਦਾ ਕੀਤਾ ਗਿਆ ਐ।
ਜ਼ਿਕਰਯੋਗ ਹੈ ਕਿ ਮੰਡ ਇਲਾਕੇ ਵਿੱਚ 10 ਅਗਸਤ ਨੂੰ ਐਡਵਾਂਸ ਬੰਨ੍ਹ ਟੁੱਟ ਗਿਆ ਸੀ। ਜਿਸ ਨਾਲ ਬਾਊਪੁਰ ਕਦੀਮ, ਬਾਉਪੁਰ ਜਦੀਦ, ਸਾਂਗਰਾ, ਰਾਮਪੁਰ ਗੌਰਾ, ਮੰਡ ਭੀਮ ਕਦੀਮ, ਮੰਡ ਬੁੱਧੀ ਕਦੀਮ ਅਤੇ ਮਹੁੰਮਦਾਬਾਦ ਆਦਿ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਹਨਾਂ ਦੇ ਸੇਵਾਦਾਰ 11 ਅਗਸਤ ਤੋਂ ਮੋਟਰ ਬੋਟਾਂ ਰਾਹੀ ਹੜ੍ਹ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਦੇ ਕਾਰਜ਼ ਵਿੱਚ ਲੱਗੇ ਹੋਏ ਹਨ। ਹੁਣ ਤੱਕ ਸੰਤ ਸੀਚੇਵਾਲ ਦੀ ਟੀਮ ਵੱਲੋਂ 300 ਤੋਂ ਵੱਧ ਪਰਿਵਾਰ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਦਾ ਕੀਤਾ ਹੈ।
ਮੰਡ ਇਲਾਕੇ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਆਹਲੀ ਕਲਾਂ ਦਾ ਐਡਵਾਂਸ ਬੰਨ੍ਹ ਟੁੱਟਿਆ- ਕਿਸਾਨਾਂ ਤੇ ਇਲਾਕੇ ਦੇ ਲੋਕਾਂ ਵੱਲੋ ਦਿਨ ਰਾਤ ਮਿਹਨਤ ਤੇ ਮੁਸ਼ਕਤ ਕਰਨ ਦੇ ਬਾਵਜੂਦ ਬਿਆਸ ਦਰਿਆ ਦੇ ਜ਼ੋਰ ਅਗੇ ਵਸ ਨਹੀਂ ਚੱਲਿਆ। ਆਹਲੀ ਕਲਾਂ ਵਿੱਚ ਲੱਗਾ ਐਡਵਾਂਸ ਬੰਨ੍ਹ ਟੁੱਟ ਗਿਆ ਹੈ। ਜਿਸ ਨਾਲ 35 ਪਿੰਡਾਂ ਦੀ 30 ਤੋਂ 35 ਹਜ਼ਾਰ ਏਕੜ ਝੋਨੇ ਦੀ ਫਸਲ ਡੁੱਬਣ ਦਾ ਖਦਸ਼ਾ ਹੈ। ਕਿਸਾਨ ਬਲਵਿੰਦਰ ਸਿੰਘ, ਸ਼ਮਿੰਦਰ ਸਿੰਘ, ਰਣਜੀਤ ਸਿੰਘ, ਰਾਮ ਸਿੰਘ ਅਤੇ ਹੋਰਨਾਂ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਕਿਸਾਨਾਂ ਵੱਲੋ 1 ਅਗਸਤ ਤੋਂ ਹੀ ਬੰਨ੍ਹ ਨੂੰ ਮਜ਼ਬੂਤ ਤੇ ਉਚਾ ਕਰਨ ਦੇ ਯਤਨ ਕੀਤੇ ਜਾ ਰਹੇ ਸੀ। ਜੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀਆਂ ਅਤੇ ਹੋਰ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ ਪਰ ਪਾਣੀ ਦੇ ਤੇਜ ਵਾਹਅ ਅਗੇ ਸਾਡਾ ਜੋਰ ਨਹੀਂ ਚੱਲਿਆ। ਸੰਤ ਸੀਚੇਵਾਲ ਨੇ ਆਹਲੀ ਕਲਾਂ ਵਿੱਚ ਐਡਵਾਂਸ ਬੰਨ੍ਹ ਟੁੱਟ ਜਾਣ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੌਂਸਲਾ ਬਣਾਈ ਰੱਖਣ ਕਿਉਂਕਿ ਕੁਦਰਤ ਅੱਗੇ ਕਿਸੇ ਦਾ ਵੀ ਕੋਈ ਜ਼ੋਰ ਨਹੀ। ਉਹਨਾਂ ਭਰੋਸਾ ਦਿੱਤਾ ਕਿ ਉਹ ਇਸ ਦੁਖਦ ਸਮੇਂ ਵਿੱਚ ਹਮੇਸ਼ਾ ਵਾਂਗ ਕਿਸਾਨਾਂ ਨਾਲ ਖੜ੍ਹੇ ਹਨ।
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਣਸੁਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਆਪਣੇ ਬੱਚਿਆਂ ਸਮੇਤ ਆਪਣੇ ਘਰਾਂ ਵਿੱਚੋਂ ਬਾਹਰ ਸੁਰੱਖਿਅਤ ਥਾਵਾਂ ਤੇ ਪਹੁੰਚਣ। ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਣ ਘਰਾਂ ਦੀ ਛੱਤਾਂ ਚੋਅ ਰਹੀਆਂ ਹਨ ਤੇ ਕਈ ਘਰਾਂ ਦੀਆਂ ਛੱਤਾ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕਬੀਰਪੁਰ ਪਿੰਡ ਵਿੱਚ ਆਟੇ ਦੀ ਚੱਕੀ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਮੈਂਬਰ ਮਲਬੇ ਹੇਠਾਂ ਦੱਬ ਗਏ ਸਨ। ਸੁਖਦ ਖਬਰ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ। ਲਗਾਤਾਰ ਮੀਂਹ ਪੈਣ ਨਾਲ ਛੱਤਾਂ ਕਮਜ਼ੋਰ ਹੋ ਗਈਆਂ ਹਨ।