ਹੁਸ਼ਿਆਰਪੁਰ ਟੈਂਕਰ ਧਮਾਕਾ ਮਾਮਲੇ ’ਚ 4 ਮੁਲਜ਼ਮ ਗ੍ਰਿਫ਼ਤਾਰ; ਗੈਰ-ਕਾਨੂੰਨੀ ਕਾਰੋਬਾਰ ਚਲਾ ਰਹੇ ਸੀ ਮੁਲਜ਼ਮ; ਛਾਪੇਮਾਰੀ ਦੌਰਾਨ 50 ਸਿਲੰਡਰ ਬਰਾਮਦ

0
5

ਬੀਤੀ 22 ਅਗਸਤ ਨੂੰ ਹੁਸ਼ਿਆਰਪੁਰ ਵਿਚ ਵਾਪਰੇ ਟੈਂਕਰ ਹਾਦਸੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਐ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਇਸ ਸਾਰੇ ਗੈਸ ਪਲਾਂਟ ਦੇ ਡਰਾਈਵਰਾਂ ਨਾਲ ਮਿਲ ਕੇ ਗੈਰ ਕਾਨੂੰਨੀ ਤੌਰ ਤੇ ਗੈਸ ਚੋਰੀ ਕਰ ਕੇ ਸਿਲੰਡਰਾਂ ਵਿਚ ਭਰ ਕੇ ਵੇਚਣ ਦਾ ਕੰਮ ਕਰਦੇ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 50 ਸਿਲੰਡਰ, 9 ਤੇਲ ਦੇ ਡਰੰਮ ਅਤੇ ਜੁਗਾਡੂ ਪਾਈਪ ਅਤੇ ਨੋਜ਼ਲ ਆਦਿ ਬਰਾਮਦ ਕੀਤੇ ਨੇ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਐ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।
ਦੱਸਣਯੋਗ ਐ ਕਿ ਕਿ 22 ਅਗਸਤ ਦੀ ਰਾਤ ਨੂੰ 10 ਵਜੇ ਦੇ ਕਰੀਬ, ਮੰਡਿਆਲਾ ਵਿੱਚ, ਐਚਪੀ ਗੈਸ ਟੈਂਕਰ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਭਿਆਨਕ ਟੱਕਰ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕ ਬੁਰੀ ਤਰ੍ਹਾਂ ਸੜ ਗਏ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਬਹੁਤ ਸਾਰੇ ਤੱਥ ਸਾਹਮਣੇ ਆਏ ਨੇ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ  ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਇਹ ਹਾਦਸਾ ਟੈਂਕਰ ਡਰਾਈਵਰ ਦੀ ਗਲਤੀ ਕਾਰਨ ਹੋਇਆ ਅਤੇ ਉਸਨੇ ਇਹ ਜਾਣਦੇ ਹੋਏ ਕਿ ਉਸਦਾ ਟੈਂਕਰ ਗੈਸ ਨਾਲ ਭਰਿਆ ਹੋਇਆ ਹੈ, ਟੈਂਕਰ ਨੂੰ ਲਿੰਕ ਰੋਡ ‘ਤੇ ਮੋੜ ਦਿੱਤਾ। ਪੁਲਿਸ ਨੇ 23 ਅਗਸਤ ਨੂੰ ਬੁੱਲੋਵਾਲ ਥਾਣੇ ਵਿੱਚ ਟੈਂਕਰ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਐਸਐਸਪੀ ਨੇ ਦੱਸਿਆ ਕਿ ਡਰਾਈਵਰ ਦਾ ਨਾਮ ਸੁਖਜੀਤ ਵਾਸੀ ਪੰਧੇਰ ਖੇੜੀ, ਥਾਣਾ ਮਲੋਦ, ਜ਼ਿਲ੍ਹਾ ਖੰਨਾ ਹੈ ਅਤੇ ਹਾਦਸੇ ਵਿੱਚ ਸੁਖਚੈਨ ਸਿੰਘ ਸੁੱਖਾ ਵਾਸੀ ਰਾਮ ਨਗਰ ਢੇਹਾਂ ਗੈਸ ਪਲਾਂਟ ਤੋਂ ਆਉਣ ਵਾਲੇ ਟੈਂਕਰ ਡਰਾਈਵਰਾਂ ਨਾਲ ਮਿਲ ਕੇ ਟੈਂਕਰਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਗੈਸ ਕੱਢਦਾ ਹੈ ਅਤੇ ਸਿਲੰਡਰਾਂ ਵਿੱਚ ਭਰਦਾ ਹੈ ਅਤੇ ਗਾਹਕਾਂ ਨੂੰ ਵੇਚਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸੇ ਤਰ੍ਹਾਂ 1 ਹੋਰ ਵਿਅਕਤੀ ਅਵਤਾਰ ਸਿੰਘ ਉਰਫ਼ ਮਤੀ ਵਾਸੀ ਝੰਡੀ ਥਾਣਾ ਬੁੱਲੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰ ਜਨਕ ਦਾਸ ਵਾਸੀ ਲੰਬਾ ਪਿੰਡ ਜਲੰਧਰ ਵੀ ਗੈਸ ਟੈਂਕਰ ਡਰਾਈਵਰਾਂ ਨਾਲ ਮਿਲ ਕੇ ਐਚਪੀ ਗੈਸ ਪਲਾਂਟ ਤੋਂ ਆਉਣ ਵਾਲੇ ਟੈਂਕਰਾਂ ਤੋਂ ਗੈਸ ਕੱਢਦੇ ਹਨ ਅਤੇ ਆਪਣੇ-ਆਪਣੇ ਗਾਹਕਾਂ ਨੂੰ ਵੇਚਦੇ ਹਨ।
ਇਸ ਸਬੰਧੀ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ 50 ਸਿਲੰਡਰ, 9 ਤੇਲ ਦੇ ਡਰੰਮ ਅਤੇ ਜੁਗਾਡੂ ਪਾਈਪ ਅਤੇ ਨੋਜ਼ਲ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

LEAVE A REPLY

Please enter your comment!
Please enter your name here