ਪੰਜਾਬੀ ਕਾਮੇਡੀ ਦੇ ਬੇਤਾਜ਼ ਬਾਦਸ਼ਾਹ ਜਸਵਿੰਦਰ ਭੱਲਾ ਪੰਜ ਤੱਤਾਂ ’ਚ ਵਿਲੀਨ ਹੋ ਗਏ ਨੇ। ਉਨ੍ਹਾਂ ਦਾ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਐ। ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਚਿਖਾ ਨੂੰ ਅਗਨੀ ਵਿਖਾਈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਦੇ ਅੰਤਮ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਾਫਲੇ ਦੇ ਰੂਪ ਵਿਚ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਅੰਤਮ ਸਰਕਾਰ ਕੀਤਾ ਗਿਆ।
ਜਸਵਿੰਦਰ ਸਿੰਘ ਭੱਲਾ ਬੀਤੀ 22 ਅਗਸਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਜਸਵਿੰਦਰ ਸਿੰਘ ਭੱਲਾ ਸਾਰੀ ਉਮਰ ਲੋਕਾਂ ਨੂੰ ਹਸਾਉਂਦੇ ਰਹੇ ਅਤੇ ਅੱਜ ਉਨ੍ਹਾਂ ਦੀ ਅੰਤਮ ਵਿਦਾਈ ਮੌਕੇ ਹਰ ਅੱਖ ਨਮ ਦਿਖਾਈ ਦਿੱਤੀ। ਉਹਨਾਂ ਦੇ ਅੰਤਿਮ ਸਸਕਾਰ ਵਿੱਚ ਨੀਰੂ ਬਾਜਵਾ, ਤਾਨੀਆ, ਗਿੱਪੀ ਗਰੇਵਾਲ, ਨਿਰਦੇਸ਼ਕ ਸਮੀਪ ਕੰਗ, ਐਮੀ ਵਿਰਕ, ਗਿਤਾਜ਼ ਬਿੰਦਰਖੀਆ, ਜਸਬੀਰ ਜੱਸੀ, ਹੰਸ ਰਾਜ ਹੰਸ ਵਰਗੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਨਾਲ ਕੰਮ ਕਰ ਚੁੱਕੇ ਸਿਤਾਰਿਆਂ ਨੇ ਜਸਵਿੰਦਰ ਭੱਲਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਮੌਤ ਨੂੰ ਪੰਜਾਬੀ ਸਿਨੇਮਾ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।
ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਦੋਰਾਹਾ ਵਿੱਚ ਹੋਇਆ ਸੀ। ਉਹ ਇੱਕ ਪ੍ਰੋਫੈਸਰ ਵੀ ਸਨ। ਉਨ੍ਹਾਂ ਨੇ 1988 ਵਿੱਚ “ਛਣਕਟਾ 88” ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੂੰ ਆਪਣੀ ਕਾਮੇਡੀ ਲੜੀ “ਛਣਕਟਾ” ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।
ਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਨੇ ਆਪਣੀ ਸ਼ੁਰੂਆਤ ਫ਼ਿਲਮ “ਦੁੱਲਾ ਭੱਟੀ” ਤੋਂ ਕੀਤੀ। ਇਸ ਤੋਂ ਬਾਅਦ ਇਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ,ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ।ਅੱਜ ਕੋਈ ਵੀ ਪੰਜਾਬੀ ਫਿਲਮ ਅਜਿਹੀ ਨਹੀਂ ਹੈ, ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ।
ਜਸਵਿੰਦਰ ਭੱਲਾ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਇਨ੍ਹਾਂ ਨੂੰ ਮੁੱਖ ਤੌਰ ‘ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ,ਜਿਸ ਵਿੱਚ ਇਨ੍ਹਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ।