ਪੰਜਾਬ ਸਰਕਾਰ ਵਲੋਂ ਸਨਅਤਕਾਰਾਂ ਲਈ ਪ੍ਰਦੂਸ਼ਣ ਕੰਟਰੋਲ ਨਾਲ ਸਬੰਧਤ ਨਵੀਂ ਨੀਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਐ। ਇਸ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪਾਲਿਸੀ ਨਿਵੇਕਲੀ ਪਹਿਲ ਐ। ਉਨ੍ਹਾਂ ਕਿਹਾ ਕਿ ਪਹਿਲਾਂ ਸਨਅਤਕਾਰਾਂ ਨੂੰ ਪ੍ਰਦੂਸ਼ਣ ਬੋਰਡ ਤੋਂ ਮਨਜ਼ੂਰੀ ਲੈਣ ਦਾ ਪਤਾ ਹੀ ਨਹੀਂ ਸੀ ਚੱਲਦਾ ਪਰ ਹੁਣ ਨਵੀਂ ਨੀਤੀ ਤਹਿਤ ਸਨਅਤਨਕਾਰਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਸੀਨੀਅਰ ਅਫ਼ਸਰਾਂ ਦੀ ਪ੍ਰਦੂਸ਼ਣ ਬੋਰਡ ਨਾਲ ਡਿਊਟੀ ਲਾ ਰਹੇ ਹਾਂ, ਜਿਸ ਤੋਂ ਬਾਅਦ ਕਾਰੋਬਾਰੀਆਂ ਨੂੰ ਬੇਹੱਦ ਸੌਖ ਹੋ ਜਾਵੇਗੀ ਅਤੇ ਉਹ ਆਪਣੀ ਇੰਡਸਟਰੀ ਸ਼ੁਰੂ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਕਾਰੋਬਾਰੀਆਂ ਨਾਲ ਖੜ੍ਹੀ ਹੈ ਕਿਉਂਕਿ ਸਰਕਾਰਾਂ ਤੰਗ ਕਰਨ ਲਈ ਨਹੀਂ, ਸਗੋਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਣਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇੰਡਸਟਰੀ ਲਈ ਅੱਜ ਇਕ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ ਬਾਅਦ ਉਨ੍ਹਾਂ ਲਈ ਕੰਮ ਕਰਨਾ ਸੌਖਾ ਹੋ ਜਾਵੇਗਾ, ਜਦੋਂ ਕਿ ਪਹਿਲਾਂ ਦੀਆਂ ਸਰਕਾਰੀਆਂ ਕਾਰੋਬਾਰੀਆਂ ਦੇ ਕੰਮਾਂ ‘ਚ ਮੁਸ਼ਕਲਾਂ ਪੈਦਾ ਕਰਦੀਆਂ ਸਨ।
ਇਸ ਕਾਰਨ ਕਾਰੋਬਾਰੀ ਪੰਜਾਬ ਤੋਂ ਬਾਹਰ ਜਾ ਕੇ ਇੰਡਸਟਰੀ ਲਾ ਲੈਂਦੇ ਸਨ ਅਤੇ ਅਜਿਹਾ ਅਸੀਂ ਨਹੀਂ ਹੋਣ ਦੇਣਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਖੇਤੀ ਦੇ ਨਾਲ-ਨਾਲ ਇੰਡਸਟਰੀ ਵੀ ਚੱਲੇਗੀ, ਜਿਸ ਕਾਰਨ ਪੰਜਾਬ ਦਾ ਆਰਥਿਕ ਵਿਕਾਸ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਘਰ ਦੇ ਚੁੱਲ੍ਹੇ ‘ਚ ਅੱਗ ਹੋਵੇ। ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਪਰ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਲੋਕ ਬਾਹਰ ਦਾ ਰੁਖ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਹੀ ਮਾਹੌਲ ਮਿਲ ਜਾਵੇ ਤਾਂ ਲੋਕ ਬਾਹਰ ਜਾਣ ਦੀ ਥਾਂ ਇੱਥੇ ਰਹਿ ਕੇ ਕੰਮ ਕਰਨ ਨੂੰ ਪਹਿਲ ਦੇਣ ਲੱਗਣਗੇ, ਜਿਸ ਦੀ ਸ਼ੁਰੂਆਤ ਹੋ ਚੁੱਕੀ ਅਤੇ ਬਹੁਤ ਸਾਰੇ ਲੋਕ ਬਾਹਰੋਂ ਵਾਪਸ ਆ ਰਹੇ ਨੇ।