ਪੰਜਾਬ ਦੇ ਪ੍ਰਸਿੱਧ ਕਾਮੇਡੀ ਕਲਾਕਾਰ ਤੇ ਅਦਾਕਾਰ ਡਾ. ਜਸਵਿੰਦਰ ਸਿੰਘ ਭੱਲਾ ਦਾ ਦੇਹਾਂਤ ਹੋ ਗਿਆ ਐ। ਉਨ੍ਹਾਂ ਨੂੰ ਬੀਤੇ ਦਿਨ ਸਿਹਤ ਵਿਗੜਣ ਬਾਅਦ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੇ ਅੰਤਮ ਸੰਸਕਾਰ ਭਲਕੇ 23 ਅਗੱਸਤ ਨੂੰ ਮੋਹਾਲੀ ਵਿਖੇ ਕੀਤਾ ਜਾਵੇਗਾ।
ਜਸਵਿੰਦਰ ਭੱਲਾ ਦੇ ਸਭ ਤੋਂ ਨੇੜਲੇ ਸਾਥੀ ਰਹੇ ਬਾਲ ਮੁਕੰਦ ਸ਼ਰਮਾ ਦੇ ਦੱਸਣ ਮੁਤਾਬਕ ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ, ਪਰ ਇਲਾਜ ਚੱਲ ਰਿਹਾ ਸੀ ਤੇ ਅੱਜ ਤਕੜੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।
ਪਰਿਵਾਰ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ (23 ਅਗਸਤ) ਦੁਪਹਿਰ 1 ਵਜੇ ਮੋਹਾਲੀ ਵਿੱਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਭੱਲਾ ਦੀ ਧੀ 10 ਦਿਨ ਪਹਿਲਾਂ ਯੂਰਪ ਗਈ ਸੀ ਜੋ ਹੁਣ ਵਾਪਸ ਆ ਰਹੀ ਹੈ। ਉਹ ਅੱਜ ਸ਼ਾਮ ਤੱਕ ਮੋਹਾਲੀ ਪਹੁੰਚ ਜਾਵੇਗੀ, ਜਦੋਂ ਕਿ ਪੁੱਤਰ ਘਰ ਵਿੱਚ ਹੈ।
ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਸਵਿੰਦਰ ਭੱਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦੇ ਇਸ ਸੰਸਾਰ ਤੋਂ ਅਚਾਨਕ ਚਲੇ ਜਾਣ ਨਾਲ ਮਨ ਬਹੁਤ ਦੁਖੀ ਹੈ। ਛਣਕਾਟੇ ਦੀ ਛਣਕ ਦੇ ਅੰਤ ਨਾਲ ਮਨ ਦੁਖੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ। ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ।
ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ਵਿੱਚ ਹੋਇਆ ਸੀ। ਉਨ੍ਹਾਂ ਨੇ 1988 ਵਿੱਚ “ਛਣਕਾਟਾ 88” ਨਾਲ ਇੱਕ ਕਾਮੇਡੀਅਨ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਫਿਲਮ “ਦੁੱਲਾ ਭੱਟੀ” ਵਿੱਚ ਵੀ ਅਦਾਕਾਰ ਬਣੇ।