ਮੁਕਤਸਰ ’ਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ; 15 ਤੋਲੇ ਸੋਨਾ ਤੇ ਇਕ ਲੱਖ ਨਕਦੀ ਚੋਰੀ ਕਰ ਕੇ ਫਰਾਰ

0
4

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਕਿਸਾਨ ਹਰਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਘਰ ਵਿੱਚੋਂ 15 ਤੋਲੇ ਸੋਨਾ ਅਤੇ ਲਗਭਗ 1 ਲੱਖ ਰੁਪਏ ਦੀ ਨਗਦੀ ਚੋਰੀ ਹੋਈ ਹੈ। ਘਰ ਦੇ ਮਾਲਕਾਂ ਦੇ ਦੱਸਣ ਮੁਤਾਬਕ ਚੋਰ ਘਰ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਨਕਦੀ ਤੇ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਚੋਰੀ ਕਾਰਨ 15 ਤੋਂ 16 ਲੱਖ ਦੇ ਨੁਕਸਾਨ ਦਾ ਅਨੁਮਾਨ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਚੋਰਾਂ ਨੇ ਘਰ ਦੇ ਜਿੰਦੇ ਤੋੜ ਕੇ ਅੰਦਰ ਦਾਖਲ ਹੋ ਕੇ ਸਾਰਾ ਸਮਾਨ ਖਿਲਾਰ ਦਿੱਤਾ ਅਤੇ ਘਰ ਵਿੱਚ ਪਿਆ 15 ਤੋਲੇ ਸੋਨਾ ਤੇ ਝੋਟੀ ਵੇਚਣ ਤੋਂ ਮਿਲੀ ਲਗਭਗ 1 ਲੱਖ ਰੁਪਏ ਦੀ ਨਗਦੀ ਆਪਣੇ ਨਾਲ ਲੈ ਗਏ।
ਉਸ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਬੈਕ ਸਾਈਡ ਇੱਕ ਹੋਰ ਘਰ ਵਿੱਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪਰਿਵਾਰ ਦੇ ਮੈਂਬਰ ਜਾਗ ਗਏ ,ਜਿਸ ਕਾਰਨ ਨੁਕਸਾਨ ਤੋਂ ਬਚਤ ਰਹੀ। ਉਸ ਘਰ ਵਿੱਚ ਸੀਸੀਟੀਵੀ ਲੱਗੇ ਹੋਏ ਸਨ ,ਜਿਨ੍ਹਾਂ ਦੀ ਫੁਟੇਜ ਵਿੱਚ ਚੋਰ ਛੱਤ ਰਾਹੀਂ ਦਾਖਲ ਹੁੰਦੇ ਹੋਏ ਸਪਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਹਰਜੀਤ ਸਿੰਘ ਨੇ ਕਿਹਾ ਕਿ ਚੋਰ ਪਹਿਲਾਂ ਗੁਆਂਢੀ ਦੇ ਘਰ ਜਾਂ ਸਾਡੇ ਘਰ ਕਿੱਥੇ ਦਾਖਲ ਹੋਏ ਇਹ ਹਾਲੇ ਸਪਸ਼ਟ ਨਹੀਂ ਹੈ ਪਰ ਇਹ ਸਪਸ਼ਟ ਹੈ ਕਿ ਉਹ ਕੰਧ ਟੱਪ ਕੇ ਅੰਦਰ ਆਏ ਸਨ।
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਇਲਾਕੇ ਦੀ ਸਭ ਤੋਂ ਵੱਡੀ ਚੋਰੀ ਹੈ ਅਤੇ ਪਹਿਲਾਂ ਚੋਰ ਸਿਰਫ ਖੇਤਾਂ ਤੋਂ ਟ੍ਰਾਂਸਫਾਰਮਰ ਚੋਰੀ ਕਰਦੇ ਸਨ ਪਰ ਹੁਣ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦਾ ਮਾਹੌਲ ਖਰਾਬ ਕਰ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਦਰ ਮੁਕਤਸਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰਕੇ ਚੋਰਾਂ ਦੀ ਪਛਾਣ ਲਈ ਤਫ਼ਤੀਸ਼ ਜਾਰੀ ਹੈ।

LEAVE A REPLY

Please enter your comment!
Please enter your name here