ਮੋਗਾ ’ਚ ਪੁਲਿਸ ਦੇ ਡਰੋਂ ਛੱਪੜ ’ਚ ਛਾਲ ਮਾਰਨ ਵਾਲੇ ਨੌਜਵਾਨ ਦੀ ਮੌਤ; ਪਰਿਵਾਰ ਨੇ ਲਾਸ਼ ਹਸਪਤਾਲ ਮੂਹਰੇ ਰੱਖ ਕੇ ਮੰਗਿਆ ਇਨਸਾਫ

0
3

ਮੋਗਾ ਜ਼ਿਲ੍ਹੇ ਦੇ ਪਿੰਡ ਮੱਲੀਆਂਵਾਲਾ ਵਿਚ ਹਾਲਾਤ ਉਸ ਵੇਲੇ ਅਜੀਬ ਕਿਸਮ ਦੇ ਬਣ ਗਏ ਜਦੋਂ ਪੁਲਿਸ ਦੀ ਛਾਪੇਮਾਰੀ ਤੋਂ ਡਰਦਿਆਂ ਜਗਦੀਪ ਸਿੰਘ ਉਰਫ ਭੋਲਾ ਨਾਮ ਦੇ ਨੌਜਵਾਨ ਨੇ ਛੱਪੜ ਵਿਚ ਛਾਲ ਮਾਰ ਦਿੱਤੀ। ਛੱਪੜ ਵਿਚ ਡਿੱਗਦੇ ਸਾਰ ਨੌਜਵਾਨ ਬੇਹੋਸ਼ ਹੋ ਗਿਆ ਜਿਸ ਨੂੰ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਘਟਨਾ ਲਈ ਪੁਲਿਸ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਮੰਗਿਆ ਐ। ਦੂਜੇ ਪਾਸੇ ਪੁਲਿਸ ਦਾ ਕਹਿਣਾ ਐ ਉਹ ਸ਼ਰਾਬ ਵੇਚਣ ਮਾਮਲੇ ਦੀ ਪੁਛਗਿੱਛ ਕਰਨਾ ਚਾਹੁੰਦੀ ਸੀ ਪਰ ਨੌਜਵਾਨ ਦੇ ਡਰ ਜਾਣ ਕਾਰਨ ਇਹ ਘਟਨਾ ਵਾਪਰੀ ਐ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਦੀ ਕਾਰਵਾਈ ਕਾਰਨ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ। ਪਰਿਵਾਰ ਨੇ ਸਿਵਲ ਹਸਪਤਾਲ ਅੱਗੇ ਲਾਸ਼ ਰੱਖ ਕੇ ਇਨਸਾਫ ਦੀ ਮੰਗ ਕਰਦੇ ਹੋਏ ਧਰਨਾ ਸ਼ੁਰੂ ਕਰ ਦਿੱਤਾ। ਮਿ੍ਤਕ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਐ ਅਤੇ ਉਹ ਘਰਾਂ ਵਿਚ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਆਪਣੇ ਪੁੱਤਰ ਦੇ ਸ਼ਰਾਬ ਨਾ ਵੇਚਣ ਬਾਰੇ ਦੱਸਿਆ ਸੀ ਪਰ ਪੁਲਿਸ ਨਹੀਂ ਮੰਨੀ ਅਤੇ ਉਨ੍ਹਾਂ ਨੇ ਘਰ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ।  ਉਨ੍ਹਾਂ ਕਿਹਾ ਕਿ ਜੇ ਪੁਲਿਸ ਸਹੀ ਤਰੀਕੇ ਨਾਲ ਕਾਰਵਾਈ ਕਰਦੀ ਤਾਂ ਉਸ ਦੇ ਪੁੱਤਰ ਦੀ ਜਾਨ ਨਾ ਜਾਂਦੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਨੌਜਵਾਨ ਛੱਪੜ ਵਿਚ ਡਿੱਗਿਆ ਤਾਂ ਉਹ ਬੇਹੋਸ਼ ਹੋ ਗਿਆ। ਉਸ ਵੇਲੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਜੱਦੋ-ਜਹਿਦ ਨਾਲ ਉਸ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਦਾ ਸਾਫ਼ ਕਹਿਣਾ ਹੈ ਕਿ ਪੁਲਿਸ ਦੀ ਲਾਪਰਵਾਹੀ ਕਾਰਨ ਇਕ ਗਰੀਬ ਪਰਿਵਾਰ ਦਾ ਪੁੱਤਰ ਮਾਰਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਮਿਲੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਧਰ ’ਤੇ ਆੰਦੋਲਨ ਕਰਨ ਲਈ ਮਜਬੂਰ ਹੋਣਗੇ।
ਓਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਜਗਦੀਪ ਸਿੰਘ ਉਰਫ ਭੋਲਾ ਦੇ ਘਰ ਨਸ਼ੇ ਸਬੰਧੀ ਪੁੱਛਗਿੱਛ ਕਰਨ ਗਈ ਸੀ ਕਿ ਉਸ ਨੇ ਪੁਲਿਸ ਤੋਂ ਡਰਦਿਆਂ ਭੱਜ ਕੇ ਛੱਪੜ ’ਚ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here