ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਸੰਤ ਸੀਚੇਵਾਲ ਅਤੇ ਕ੍ਰਿਕਟਰ ਹਰਭਜਨ ਭੱਜੀ ਅੱਜ ਜਲੰਧਰ ਦੇ ਮੰਡ ਇਲਾਕੇ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਹਰਭਜਨ ਭੱਜੀ ਨੇ ਲੋਕਾਂ ਦੇ ਹੌਂਸਲੇ ਦੀ ਤਾਰੀਫ ਕੀਤਾ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਲੋਕਾਈ ਦੀ ਸੇਵਾ ਨੂੰ ਹੀ ਮਨੁੱਖਤਾ ਦਾ ਅਸਲੀ ਧਰਮ ਦੱਸਿਆ। ਦੋਵੇ ਆਗੂਆਂ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।
ਲੋਕਾਂ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਭਜਨ ਭੱਜੀ ਨੇ ਕਿਹਾ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਨੋਬਲ ਨਹੀ ਡੋਲਿਆ ਸਗੋਂ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਉਹਨਾਂ ਕਿਹਾ ਕਿ ਇਹੋ ਹੀ ਪੰਜਾਬੀਅਤ ਹੈ ਜਦੋਂ ਦੁੱਖਾਂ ਵਿੱਚ ਵੀ ਹੌਂਸਲਾ ਬਣਾਈ ਰੱਖਦੇ ਹਨ। ਦੋਵੇਂ ਪਾਰਲੀਮੈਂਟ ਮੈਂਬਰਾਂ ਨੇ ਹੜ੍ਹ ਪੀੜਤਾਂ ਲਈ ਪਸ਼ੂਆਂ ਦਾ ਚਾਰ ਵੀ ਵੰਡਿਆ।
ਹਰਭਜਨ ਸਿੰਘ ਭੱਜੀ ਨੇ ਆਪਣੇ ਹਮਰੁਤਬਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਲੋਕਾਂ ਤੇ ਜਦੋਂ ਵੀ ਸੰਕਟ ਬਣਦਾ ਹੈ ਤਾਂ ਉਹ ਮਦੱਦ ਵਾਸਤੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸੇ ਹੀ ਕਰਕੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਲਈ ਐਕਸਾਵੇਟਰ ਅਤੇ ਜੇ.ਸੀ.ਬੀ ਸਮੇਤ ਦੋ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਦੇ ਦਿੱਤਾ ਹੈ। ਇਸ ਮੌਕੇ ਭੱਜੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਬਾਬਾ ਜੀ ਨਾਲ ਮਿਲਕੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਇਸ ਮਸਲੇ ਤੇ ਗੰਭੀਰਤਾ ਨਾਲ ਉਠਾਉਣਗੇ ਤੇ ਇਸਦੇ ਹੱਲ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਮੈਂਬਰ ਪਾਰਲੀਮੈਂਟ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਹੜ੍ਹਾਂ ਵਿੱਚ ਘਿਰੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਏ ਹਨ ਤੇ ਉਹਨਾਂ ਤੱਕ ਰਾਹਤ ਸਮੱਗਰੀ ਨੂੰ ਪਹੁੰਚਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਮਨੁੱਖ ਦਾ ਇਹ ਪਹਿਲਾਂ ਫਰਜ਼ ਬਣਦਾ ਹੈ ਕਿ ਉਹ ਦੂਜਿਆਂ ਦੀ ਮਦੱਦ ਕਰੇ। ਸੰਤ ਸੀਚੇਵਾਲ ਨੇ ਕਿਹਾ ਕਿ ਪੀੜਤ ਲੋਕਾਂ ਦੀ ਸੇਵਾ ਹੀ ਅਸਲ ਵਿੱਚ ਮਨੁੱਖਤਾ ਦੀ ਸੇਵਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਨੌਜਵਾਨ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਭੱਜੀ ਦੇ ਮਨ ਵਿੱਚ ਲੋਕਾਂ ਦੀ ਸੇਵਾ ਦਾ ਜ਼ਜ਼ਬਾ ਹਮੇਸ਼ਾ ਰਿਹਾ ਹੈ। ਅੱਜ ਵੀ ਉਹ ਹੜ੍ਹ ਪੀੜਤਾਂ ਦੇ ਦਰਦ ਨੂੰ ਨੇੜਿਓ ਜਾਨਣ ਲਈ ਉਚੇਚੇ ਤੌਰ ਤੇ ਆਏ ਹਨ। ਸੰਤ ਸੀਚੇਵਾਲ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੀ ਹੜ੍ਹ ਪੀੜਤਾਂ ਦੀ ਮਦੱਦ ਵਾਸਤੇ ਪੂਰੀ ਤਨਦੇਹੀ ਨਾਲ ਲੱਗਿਆ ਹੋਇਆ ਹੈ।