ਗੁਰਦਾਸਪੁਰ ਦੇ ਰਾਵੀ ਦਰਿਆ ਪਾਰਲੇ ਲੋਕ ਡਾਢੇ ਪ੍ਰੇਸ਼ਾਨ/ ਪ੍ਰਸ਼ਾਸਨ ਤੋਂ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਦੀ ਮੰਗ

0
1

 

ਗੁਰਦਾਸਪੁਰ ਰਾਵੀ ਦਰਿਆ ਦੇ ਪਾਰ ਵਸਦੇ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ ਦੇ ਨਿਵਾਸੀ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਿੰਡਾਂ ਦੇ ਨੁਮਾਇੰਦਿਆਂ ਗੁਰਸਰਨ ਸਿੰਘ ਅਤੇ ਸਤਨਾਮ ਸਿੰਘ ਦੇ ਦੱਸਣ ਮੁਤਾਬਕ ਦਰਿਆ ‘ਤੇ ਪੱਕਾ ਪੁਲ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਿਆ ਪਾਰ ਵਸਦੇ ਲੋਕਾਂ ਲਈ ਆਉਣ-ਜਾਣ ਦਾ ਇਕੋ-ਇਕ ਸਾਧਨ ਬੇੜੀ ਹੈ ਜੋ ਬਰਸਾਤਾਂ ਦੌਰਾਨ ਬੰਦ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਦਾ ਸੰਪਰਕ ਬਿਲਕੁੱਟ ਟੁੱਟ ਜਾਂਦਾ ਹੈ। ਲੋਕਾਂ ਨੇ ਸਰਕਾਰ ਤੋਂ ਇਥੇ ਪੱਕਾ ਪੁੱਲ ਬਣਾਉਣ ਦੀ ਮੰਗ ਕੀਤੀ ਹੈ।
ਲੋਕਾਂ ਦੇ ਦੱਸਣ ਮੁਤਾਬਕ ਹਾਲਤ ਐਨੇ ਮਾੜੇ ਹਨ ਕਿ ਇਲਾਕੇ ਵਿੱਚ ਕੋਈ ਵਧੀਆ ਹਸਪਤਾਲ ਜਾਂ ਸਕੂਲ ਨਹੀਂ ਹੈ। ਐਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਨੂੰ ਦਰਿਆ ਪਾਰ ਕਰਵਾ ਕੇ ਸ਼ਹਿਰ ਲਿਜਾਣਾ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ, ਜਿਸ ਕਾਰਨ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਕਿਸਾਨਾਂ ਨੂੰ ਆਪਣੀ ਫਸਲ ਮੰਡੀ ਤੱਕ ਪਹੁੰਚਾਉਣ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇੜੀਆਂ ਰਾਹੀਂ ਟਰੈਕਟਰ-ਟਰਾਲੀਆਂ ਲੰਘਾਉਣਾ ਜੋਖਮ ਭਰਿਆ ਕੰਮ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਚੋਣਾਂ ਵੇਲੇ ਸਿਆਸੀ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਵੀ ਸਾਰ ਨਹੀਂ ਲੈਂਦਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਸ ਸਰਹੱਦੀ ਖੇਤਰ ਦੀ ਹਾਲਤ ਅੱਜ ਵੀ ਦਹਾਕਿਆਂ ਪੁਰਾਣੀ ਹੈ। ਪਿੰਡ ਵਾਸੀਆਂ ਨੇ ਸਾਂਝੇ ਤੌਰ ‘ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਦਰਿਆ ‘ਤੇ ਪੱਕੇ ਪੁਲ ਦਾ ਨਿਰਮਾਣ ਸ਼ੁਰੂ ਨਾ ਕੀਤਾ ਗਿਆ ਅਤੇ ਇਲਾਕੇ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਉਹ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨਗੇ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਬੰਧੀ ਪੀਡਬਲਿਊਡੀ ਦੇ ਐਸਡੀਓ ਰਜਿੰਦਰ ਨਾਲ ਜਦੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਇਸ ਪੁੱਲ ਕਰਨਾ ਬਹੁਤ ਹੀ ਮੁਸ਼ਕਿਲਾਂ ਆ ਰਹੀਆਂ ਹਨ ਜਲਦੀ ਹੀ ਇਸ ਦਾ  ਨਿਰਮਾਣ ਕੀਤਾ ਜਾਵੇਗਾ ਇਹ ਸਾਰਾ ਮਸਲਾ ਸਾਡੇ ਧਿਆਨ ਵਿੱਚ ਆ ਚੁੱਕਾ ਹੈ। ਅਤੇ ਜਲਦ ਤੋਂ ਜਲਦ ਇਸ ਪੁੱਲ ਦਾ ਨਿਰਮਾਣ ਕੀਤਾ ਜਾਏਗਾ।

LEAVE A REPLY

Please enter your comment!
Please enter your name here