ਮੋਗਾ ’ਚ ਵਿਕਾਸ ਕੰਮਾਂ ਨੇ ਫੜੀ ਰਫ਼ਤਾਰ/ ਵਿਧਾਇਕਾਂ ਵੱਲੋਂ ਕਰੋੜਾਂ ਦੇ ਪ੍ਰੋਜੈਕਟਾਂ ਦਾ ਆਗਾਜ਼/ ਸੜਕਾਂ, ਗਲੀਆਂ ਤੇ ਪਾਣੀ ਸਹੂਲਤਾਂ ਦਾ ਹੋਵੇਗਾ ਵਿਸਥਾਰ

0
2

ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਮੋਗਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਮੋਗਾ ਦੇ ਕਈ ਵਾਰਡਾਂ ਵਿੱਚ ਵਿਕਾਸ ਕੰਮਾਂ ਦੀ ਲੜੀ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਮੇਅਰ ਅਤੇ ਨਗਰ ਨਿਗਮ ਦੇ ਐਮਸੀ ਸਾਹਿਬਾਨਾਂ ਦੇ ਸਹਿਯੋਗ ਨਾਲ ਲਗਭਗ 1 ਕਰੋੜ 60 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਕੰਮ ਵਾਰਡ ਨੰਬਰ 4, 39 ਅਤੇ ਹੁਣ 32 ਵਿੱਚ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਨਵੀਆਂ ਸੜਕਾਂ, ਗਲੀਆਂ ਦੀ ਨਿਰਮਾਣ, ਇੰਟਰਲਾਕ ਟਾਇਲਾਂ ਲਗਾਉਣਾ ਅਤੇ ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਨਵੇਂ ਬੋਰ ਲਗਾਉਣ ਦੇ ਕੰਮ ਸ਼ਾਮਲ ਹਨ। ਵਾਰਡ ਨੰਬਰ 32 ਵਿੱਚ ਪੀਣ ਵਾਲੇ ਪਾਣੀ ਦੇ ਨਵੇਂ ਬੋਰ ਦਾ ਉਦਘਾਟਨ ਵੀ ਕੀਤਾ ਗਿਆ ਹੈ ਅਤੇ ਜਲਦੀ ਹੀ ਹੋਰ ਕੰਮ ਸ਼ੁਰੂ ਕੀਤੇ ਜਾਣਗੇ। ਵਿਧਾਇਕਾ ਨੇ ਕਿਹਾ ਕਿ ਮੋਗਾ ਵਿੱਚ ਹਰ ਰੋਜ਼ ਵਿਕਾਸ ਦੀ ਇਹ ਲੜੀ ਜਾਰੀ ਰਹੇਗੀ ਅਤੇ ਹੋਰ ਵਾਰਡਾਂ ਵਿੱਚ ਵੀ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸਦੇ ਨਾਲ ਹੀ ਸਬਜ਼ੀ ਮੰਡੀ ਦਾ ਕੰਮ 15 ਤਾਰੀਖ ਤੋਂ ਸ਼ੁਰੂ ਕੀਤਾ ਜਾਵੇਗਾ, ਜੋ ਸ਼ਹਿਰ ਦੀ ਪੁਰਾਣੀ ਮੰਗ ਰਹੀ ਹੈ। ਪਾਰਕਾਂ ਦੀ ਨਵੀਨੀਕਰਨ, ਨਵੇਂ ਸਟੇਡੀਅਮਾਂ ਦੀ ਤਿਆਰੀ ਅਤੇ ਖੇਡ ਸਹੂਲਤਾਂ ਦੇ ਵਿਕਾਸ ’ਤੇ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੈਰਕਾਨੂੰਨੀ ਤਰੀਕੇ ਨਾਲ ਪਾਣੀ ਅਤੇ ਸੀਵਰੇਜ ਕਨੈਕਸ਼ਨ ਨਾ ਲਗਾਏ ਜਾਣ, ਕਿਉਂਕਿ ਇਸ ਨਾਲ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋਣ ਦਾ ਖਤਰਾ ਬਣਦਾ ਹੈ। ਨਗਰ ਨਿਗਮ ਵੱਲੋਂ ਕਾਨੂੰਨੀ ਕਨੈਕਸ਼ਨਾਂ ਲਈ ਪੂਰੀ ਮਦਦ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਵਾਰਡ ਨੰਬਰ 32 ਦੇ ਕੌਂਸਲਰ ਬੂਟਾ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਬੋਰ ਅਤੇ 49 ਲੱਖ ਰੁਪਏ ਨਾਲ ਇੰਟਰਲਾਕ ਟਾਇਲਾਂ ਦੇ ਕੰਮ ਕਰਵਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਸ਼ਮਸ਼ਾਨ ਘਾਟ ਦੇ ਸਾਹਮਣੇ ਪਾਰਕ ਦੀ ਤਿਆਰੀ ਵੀ ਜਲਦੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਲੀਆਂ ਬਣਨ ਤੋਂ ਪਹਿਲਾਂ ਹੀ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਲਗਵਾ ਲੈਣ ਤਾਂ ਜੋ ਬਾਅਦ ਵਿੱਚ ਸੜਕਾਂ ਨੂੰ ਨੁਕਸਾਨ ਨਾ ਪਹੁੰਚੇ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਵਾਰਡ ਵਿੱਚ ਲਗਭਗ 50 ਲੱਖ ਰੁਪਏ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਅਗਲੇ 10-15 ਦਿਨਾਂ ਵਿੱਚ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਉਨ੍ਹਾਂ ਦਾ ਵਾਰਡ 100 ਫੀਸਦੀ ਇੰਟਰਲਾਕ ਟਾਇਲਾਂ ਨਾਲ ਸੁਸਜਜਿਤ ਹੋਣ ਵਾਲਾ ਮੋਗਾ ਦਾ ਪਹਿਲਾ ਵਾਰਡ ਬਣੇਗਾ। ਸਮੂਹ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਂਝੀ ਕੋਸ਼ਿਸ਼ ਨਾਲ ਹੀ ਮੋਗਾ ਨੂੰ ਇੱਕ ਸੁੰਦਰ ਅਤੇ ਵਿਕਸਿਤ ਸ਼ਹਿਰ ਬਣਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here