ਪੰਜਾਬ ਅੰਮ੍ਰਿਤਸਰ ’ਚ ਜਥੇਬੰਦੀਆਂ ਦਾ ਪੁਲਿਸ ਖਿਲਾਫ਼ ਪ੍ਰਦਰਸ਼ਨ/ 8 ਮਹੀਨੇ ਦੀ ਬੱਚੀ ਦੀ ਕਸਟੱਡੀ ਨੂੰ ਲੈ ਕੇ ਦਿੱਤਾ ਧਰਨਾ By admin - April 12, 2026 0 1 Facebook Twitter Pinterest WhatsApp ਅੰਮ੍ਰਿਤਸਰ ਵਿੱਚ ਇੱਕ 8 ਮਹੀਨੇ ਦੀ ਬੱਚੀ ਦੀ ਕਸਟਡੀ ਨੂੰ ਲੈ ਕੇ ਮਾਹੌਲ ਤਣਾਓਪੂਰਨ ਬਣਿਆ ਹੋਇਆ ਹੈ। ਦਲਿਤ ਸੁਰੱਖਿਆ ਸੈਨਾ ਅਤੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਆਗੂਆਂ ਨੇ ਬੱਚੀ ਦੀ ਕਸਟੱਡੀ ਪਿਤਾ ਹਵਾਲੇ ਕਰਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਚਹਿਰੀ ਚੌਂਕ ਦੇ ਬਾਹਰ ਧਰਨਾ ਲੈ ਕੇ ਬੈਠੀਆਂ ਜਥੇਬੰਦੀਆਂ ਨੇ ਸਿਆਸੀ ਦਬਾਅ ਹੇਠ ਬੱਚੀ ਦੀ ਕਸਟੱਡੀ ਦੇ ਮਾਮਲੇ ਨੂੰ ਜਾਣਬੁਝ ਕੇ ਲਮਕਾਉਣ ਦੇ ਇਲਜ਼ਾਮ ਲਾਏ। ਜਥੇਬੰਦੀਆਂ ਨੇ ਫੈਸਲਾ ਛੇਤੀ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਧਰਨੇ ਵਿਚ ਸ਼ਾਮਲ ਆਗੂਆਂ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਪੁਲਿਸ ਨੇ ਬੱਚੀ ਨੂੰ ਉਸਦੇ ਪਿਤਾ ਦੇ ਹਵਾਲੇ ਕਰਨ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿੱਚ ਕਿਸੇ ਸਿਆਸੀ ਦਬਾਅ ਹੇਠ ਆ ਕੇ ਫੈਸਲਾ ਬਦਲ ਦਿੱਤਾ ਗਿਆ। ਆਗੂਆਂ ਦਾ ਕਹਿਣਾ ਹੈ ਕਿ ਇਸ ਵੇਲੇ ਬੱਚੀ ਇੱਕ ਅਜਿਹੇ ਵਿਅਕਤੀ ਕੋਲ ਹੈ ਜਿਸਦਾ ਪਰਿਵਾਰ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ, ਜਿਸ ਨਾਲ ਬੱਚੀ ਦੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਪੁਲਿਸ ਦਾ ਬਿਆਨ ਕੁਝ ਹੋਰ ਸੀ, ਜਦਕਿ ਹੁਣ ਪੂਰੀ ਤਰ੍ਹਾਂ ਵੱਖਰਾ ਰੁਖ ਅਪਣਾਇਆ ਗਿਆ ਹੈ। ਪੀੜਤ ਪਿਤਾ ਅਤੇ ਜਥੇਬੰਦੀਆਂ ਦੀ ਮੰਗ ਹੈ ਕਿ ਜਦ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਅਤੇ ਕੋਈ ਐਫ.ਆਈ.ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਬੱਚੀ ਨੂੰ ਉਸਦੇ ਪਿਤਾ ਦੇ ਹਵਾਲੇ ਕੀਤਾ ਜਾਵੇ। ਮਾਮਲੇ ਨੂੰ ਗੰਭੀਰ ਦੇਖਦੇ ਹੋਏ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਚਹਿਰੀ ਚੌਕ ‘ਚ ਵੱਡੇ ਪੱਧਰ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਦੂਜੇ ਪਾਸੇ, ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਧਰਨਾ ਖਤਮ ਕਰਵਾਇਆ ਗਿਆ ਅਤੇ ਬੰਦ ਪਈ ਆਵਾਜਾਈ ਨੂੰ ਮੁੜ ਚਾਲੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਦੋਵੇਂ ਪੱਖਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਬੱਚੀ ਦੀ ਕਸਟੱਡੀ ਦਾ ਫੈਸਲਾ ਲਿਆ ਜਾਵੇਗਾ।