ਪੰਜਾਬ ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ‘ਚ ਹਿੰਸਕ ਝੜਪ/ ਜ਼ਮੀਨੀ ਵਿਵਾਦ ਨੂੰ ਲੈ ਕੇ ਭਿੱੜੀਆਂ ਦੋ ਧਿਰਾਂ/ ਦੋਵਾਂ ਧਿਰਾਂ ਦੇ ਚਾਰ ਲੋਕ ਜ਼ਖਮੀ, ਪੁਲਿਸ ਕਰ ਰਹੀ ਜਾਂਚ By admin - April 10, 2026 0 1 Facebook Twitter Pinterest WhatsApp ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ਵਿਖੇ ਅੱਜ ਉਸ ਵੇਲੇ ਵੱਡਾ ਵਿਵਾਦ ਹੋ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ, ਜਿਸ ਵਿਚ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਦੋਹਾਂ ਧਿਰਾਂ ਵਿਚਾਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜੋ ਅੱਜ ਹਿੰਸਕ ਰੂਪ ਧਾਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਗੱਲ ਕਹੀ ਹੈ। ਇਸ ਸਬੰਧੀ ਸਿਵਲ ਹਸਪਤਾਲ ’ਚ ਜੇਰੇ ਇਲਾਜ ਪਹਿਲੀ ਧਿਰ ਦੇ ਗੁਰਚਰਨ ਸਿੰਘ ਵਾਸੀ ਪਿੰਡ ਭੀਮਕਦੀਮ ਦੇ ਪੁੱਤਰ ਮਨਦੀਪ ਸਿੰਘ ਮੁਤਬਕ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਉਕਤ ਜ਼ਮੀਨ ‘ਤੇ ਕਾਬਜ਼ ਅਤੇ ਕਾਸ਼ਤਕਾਰ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਵੱਲੋਂ ਕਈ ਦਰਖਾਸਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਤਹਿਤ ਵੱਖ-ਵੱਖ ਮੋਹਤਬਰਾਂ ਦੀ ਹਾਜ਼ਰੀ ਵਿੱਚ ਕਈ ਪੰਚਾਇਤਾਂ ਵੀ ਹੋਈਆਂ। ਮਨਦੀਪ ਮੁਤਾਬਕ ਪੰਚਾਇਤਾਂ ਵਿਚ ਅਸੀਂ ਸਪੱਸ਼ਟ ਕਿਹਾ ਸੀ ਕਿ ਦੂਜੀ ਧਿਰ ਨਿਯਮਾਂ ਅਨੁਸਾਰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਏਗੀ ਅਤੇ ਜੇ ਨਿਸ਼ਾਨਦੇਹੀ ਤੋਂ ਬਾਅਦ ਕੋਈ ਜ਼ਮੀਨ ਉਨ੍ਹਾਂ ਦੇ ਹਿੱਸੇ ਵਿੱਚ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਵਿਰੋਧ ਦੇ ਉਹ ਜ਼ਮੀਨ ਛੱਡ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੱਡੀ ਗਿਣਤੀ ਚ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੂੰ ਲਿਆ ਕੇ ਜਿਨਾਂ ਦੇ ਕੋਲ ਤੇਜ਼ਧਾਰ ਹਥਿਆਰ ਅਤੇ ਮਾਰੂ ਹਥਿਆਰ ਵੀ ਸਨ, ਨੇ ਉਨ੍ਹਾਂ ਵੱਲੋਂ ਬੀਜੀ ਗਈ ਕਣਕ ਦੀ ਫਸਲ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਜ਼ਮੀਨ ‘ਤੇ ਜਬਰੀ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੇ ਪਿਤਾ ਤੇ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਜ਼ਮੀਨ ਦੇ ਦੁਆਲੇ ਮੋਰਚੇ ਬਣਾਏ ਗਏ ਸਨ ਤਾਂ ਜੋ ਮਾਹੌਲ ਖਰਾਬ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਗੋਲੀਬਾਰੀ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੋ ਵੀ ਕੀਤਾ ਹੈ ਉਹ ਦੂਜੀ ਧਿਰ ਨੇ ਖੁਦ ਹੀ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਦੂਜੀ ਧਿਰ ਤੋਂ ਸਿਵਿਲ ਹਸਪਤਾਲ ਵਿੱਚ ਜੇਰੇ ਇਲਾਜ ਹਰਜਿੰਦਰ ਸਿੰਘ ਬੱਬੂ ਵਾਸੀ ਪਿੰਡ ਹਾਜੀਪੁਰ ਨੇ ਦੱਸਿਆ ਕਿ ਸਾਡੀ ਜ਼ਮੀਨ ਸਰਦੁੱਲਾਪੁਰ ਵਿੱਚ ਪੈਂਦੀ ਹੈ ਜੋ ਕਿ ਸਾਡੀ ਵਿਰਾਸਤੀ ਜਮੀਨ ਹੈ ਅਤੇ ਅਸੀਂ ਉੱਥੇ ਕਣਕ ਦੀ ਬਿਜਾਈ ਕੀਤੀ ਹੋਈ ਸੀ। ਜਦੋਂ ਅਸੀਂ ਆਪਣੀ ਜ਼ਮੀਨ ਵਿੱਚੋਂ ਕਣਕ ਵੱਢਣ ਲਈ ਗਏ ਤਾਂ ਦੂਜੀ ਧਿਰ ਵੱਲੋਂ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਵਿਚਾਲੇ ਉਹਨਾਂ ਵੱਲੋਂ ਸਾਡੇ ਉੱਤੇ ਫਾਇਰਿੰਗ ਵੀ ਕੀਤੀ ਗਈ। ਜਿਸ ਕਾਰਨ ਗੱਡੀ ਦਾ ਟਾਇਰ ਵੀ ਪੈਂਚਰ ਹੋ ਗਿਆ ਅਤੇ ਕੰਬਾਈਨ ਮਸ਼ੀਨ ਤੇ ਛਰੇ ਵੀ ਲੱਗੇ। ਇਹਨਾਂ ਨੇ ਟਰੈਕਟਰ ਤੇ ਬੈਠੇ ਮੇਰੇ ਬੇਟੇ ਤੇ ਵੀ ਹਮਲਾ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਉਸ ਦੇ ਉੱਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜੋ ਕਿ ਜ਼ਖਮੀ ਹਾਲਤ ਵਿੱਚ ਮੇਰੇ ਨਾਲ ਹੀ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਣਪਛਾਤੇ ਨੌਜਵਾਨ ਵੀ ਘਟਨਾ ਸਥਲ ਤੇ ਮੌਜੂਦ ਹਨ ਜਿਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਧਰ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਏਐਸਆਈ ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਅਸੀਂ ਮੌਕੇ ਤੇ ਪਹੁੰਚ ਗਏ ਸੀ ਪਰ ਸਾਨੂੰ ਉਥੇ ਕਿਸੇ ਕਿਸਮ ਦਾ ਖੋਲ ਜਾਂ ਗੋਲੀ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਇਹਨਾਂ ਦੋਹਾਂ ਧਿਰਾਂ ਵਿਚਾਲੇ ਝਗੜਾ ਜਰੂਰ ਹੋਇਆ ਹੈ ਜੋ ਕਿ ਕਣਕ ਵੱਢਣ ਨੂੰ ਲੈ ਕੇ ਹੋਇਆ ਹੈ। ਵਿਵਾਦ ਇਹ ਹੈ ਕਿ ਇਹਨਾਂ ਦੋਹਾਂ ਧਿਰਾਂ ਦਾ ਕਹਿਣਾ ਹੈ ਕਿ ਜਮੀਨ ਸਾਡੀ ਹੈ। ਮਾਮਲਾ ਪਹਿਲਾਂ ਵੀ ਥਾਣੇ ਪਹੁੰਚਿਆ ਸੀ ਦੋਹਾਂ ਧਿਰਾਂ ਵਿਚਾਲੇ ਮੋਤਬਰਾਂ ਵੱਲੋਂ ਗੱਲਬਾਤ ਕਰਵਾਈ ਗਈ ਸੀ। ਏਐਸਆਈ ਨੇ ਕਿਹਾ ਕਿ ਐਮ ਐਲਆਰ ਰਿਪੋਰਟਾਂ ਮਸੂਲ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।