ਅਟਾਰੀ ਵਾਹਗਾ ਸਰਹੱਦ ’ਤੇ ਰੋਕੇ ਜਥੇ ਦੇ ਸ਼ਰਧਾਲੂ/ 27 ਸ਼ਰਧਾਲੂਆਂ ਨੂੰ ਜਾਣ ਦੀ ਨਹੀਂ ਮਿਲੀ ਇਜ਼ਾਜਤ/ ਅਪਰੂਵਲ ਲਿਸਟ ਨਾ ਪਹੁੰਚਣ ਦੇ ਦਿੱਤਾ ਹਵਾਲਾ

0
1

 

ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ 27 ਸ਼ਰਧਾਲੂਆਂ ਨੂੰ ਜਥੇ ਨਾਲ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਨੂੰ ਲੈ ਕੇ ਸ਼ਰਧਾਲੂਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਰੋਕੇ ਗਏ ਸ਼ਰਧਾਲੂਆਂ ਦਾ ਨਾਂ ਅਪਰੂਵਲ ਲਿਸਟ ਵਿੱਚ ਸ਼ਾਮਲ ਨਹੀਂ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਜਥੇ ਨਾਲ ਜਾਣੋਂ ਰੋਕਿਆ ਗਿਆ ਹੈ। ਬੀਐਸਐਫ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉੱਚ ਅਧਿਕਾਰੀਆਂ ਵੱਲੋਂ ਮਨਜ਼ੂਰੀ ਨਹੀਂ ਆਉਂਦੀ, ਉਹਨਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕਾਰਨ ਲਗਭਗ 27 ਸ਼ਰਧਾਲੂਆਂ ਨੂੰ ਬਾਰਡਰ ‘ਤੇ ਹੀ ਰੋਕ ਦਿੱਤਾ ਗਿਆ, ਜਦਕਿ ਬਾਕੀ ਜੱਥਾ ਅੱਗੇ ਰਵਾਨਾ ਹੋ ਗਿਆ।
ਇਸ ਘਟਨਾ ਨਾਲ ਸ਼ਰਧਾਲੂਆਂ ਵਿੱਚ ਕਾਫ਼ੀ ਨਾਰਾਜ਼ਗੀ ਦੇਖਣ ਨੂੰ ਮਿਲੀ। ਮੋਗਾ ਤੋਂ ਆਏ ਜਸਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 1799 ਸੋਸਾਇਟੀ ਨਾਲ ਸੰਬੰਧਤ ਹਨ ਅਤੇ ਉਹਨਾਂ ਕੋਲ ਪੂਰੇ ਦਸਤਾਵੇਜ਼ ਅਤੇ ਵੀਜ਼ਾ ਮੌਜੂਦ ਹੈ। ਉਹਨਾਂ ਨੇ ਕਿਹਾ ਕਿ “ਜੇ ਸਾਡਾ ਵੀਜ਼ਾ ਲੱਗ ਚੁੱਕਾ ਹੈ ਤਾਂ ਸਾਨੂੰ ਰੋਕਣ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ। ਇਹ ਪ੍ਰਬੰਧਕੀ ਖਾਮੀ ਹੈ, ਜਿਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ।
ਉਹਨਾਂ ਨੇ ਦੱਸਿਆ ਕਿ ਕੁੱਲ 127 ਸ਼ਰਧਾਲੂਆਂ ਵਿੱਚੋਂ 27 ਨੂੰ ਰੋਕਿਆ ਗਿਆ ਹੈ, ਜਿਸ ਨਾਲ ਪਰਿਵਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਆਪਣੇ ਬੱਚਿਆਂ ਸਮੇਤ ਇੱਥੇ ਪਹੁੰਚੇ ਸਨ ਅਤੇ ਹੁਣ ਅਣਿਸ਼ਚਿਤਤਾ ਵਿੱਚ ਖੜੇ ਹਨ। ਸ਼ਰਧਾਲੂਆਂ ਨੇ ਮੰਗ ਕੀਤੀ ਕਿ ਅਜਿਹੇ ਪ੍ਰਬੰਧ ਪਹਿਲਾਂ ਹੀ ਸਪਸ਼ਟ ਕੀਤੇ ਜਾਣ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮਾਮਲੇ ਨੇ ਪ੍ਰਬੰਧਕੀ ਤੰਦਰੁਸਤੀ ‘ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਸ਼ਰਧਾਲੂਆਂ ਨੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here