ਮੋਗਾ ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ/ 3 ਤਸਕਰਾਂ ਦੀ 2 ਕਰੋੜ 20 ਲੱਖ ਦੀ ਸੰਪਤੀ ਫਰੀਜ਼/ ਨਸ਼ਿਆਂ ਦੀ ਕਮਾਈ ਨਾਲ ਬਣਾਈ ਸੀ ਜਾਇਦਾਦ

0
1

ਮੋਗਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਅਭਿਆਨ ਤਹਿਤ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਤਸਕਰਾਂ ਦੀਆਂ 2 ਕਰੋੜ 20 ਲੱਖ 62 ਹਜ਼ਾਰ ਤੋਂ ਵਧੇਰੇ ਕੀਮਤ ਦੀਆਂ ਸੰਪਤੀਆਂ ਉਤੇ ਜ਼ਬਤੀ ਦੇ ਨੋਟਿਸ ਚਿਪਕਾ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਦੇ ਘਰਾਂ ਬਾਹਰ ਫ੍ਰੀਜ਼ਿੰਗ ਨੋਟਿਸ ਚਸਪਾ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਇਹ ਸੰਪਤੀ ਨਾ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਇਸ ‘ਤੇ ਕੋਈ ਕਰਜ਼ਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲ ਅਪੀਲ ਲਈ ਇੱਕ ਤੋਂ ਡੇਢ ਮਹੀਨੇ ਦਾ ਸਮਾਂ ਹੁੰਦਾ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਜਸਵਰਿੰਦਰ ਸਿੰਘ ਨੇ  ਦੱਸਿਆ ਕਿ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪੁਲਿਸ ਨੇ ਇਨ੍ਹਾਂ ਦਿਨਾਂ ਦੋਸ਼ੀਆਂ ਦੀਆਂ 2 ਕਰੋੜ 20 ਲੱਖ ਤੋਂ ਵਧੇਰੇ ਕੀਮਤ ਦੀਆਂ ਜਾਇਦਾਦਾਂ ਉਤੇ ਨੋਟਿਸ ਲਾਏ ਗਏ ਹਨ।  ਉਨ੍ਹਾਂ ਕਿਹਾ ਕਿ ਥਾਣਾ ਫਤਿਹਗੜ੍ਹ ਪੰਜਤੂਰ ਵੱਲੋਂ ਤਿਆਰ ਕੀਤੇ ਕੇਸ ਦਿੱਲੀ ਸਥਿਤ ਕਮਪੀਟੈਂਟ ਅਥਾਰਟੀ ਨੂੰ ਭੇਜੇ ਗਏ ਸਨ, ਜਿਨ੍ਹਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੰਪਤੀਆਂ ਨੂੰ ਫਰਿਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਪਹਿਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈੱਪੀ, ਵਾਸੀ ਦਾਨੇਵਾਲਾ ਖ਼ਿਲਾਫ਼ ਐਨਡੀਪੀਐਸ ਐਕਟ ਹੇਠ ਤਿੰਨ ਮੁਕੱਦਮੇ ਦਰਜ ਹਨ। ਉਸ ਕੋਲੋਂ ਇੱਕ ਕਿਲੋ ਅਫੀਮ ਅਤੇ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਉਸ ਦੀ ਕੋਠੀ, 35 ਮਰਲੇ ਜ਼ਮੀਨ ਅਤੇ ਬੁਲੇਟ ਮੋਟਰਸਾਈਕਲ ਸਮੇਤ ਕਰੀਬ 1 ਕਰੋੜ 34 ਲੱਖ 12 ਹਜ਼ਾਰ 856 ਰੁਪਏ ਦੀ ਸੰਪਤੀ ਫਰੀਜ ਕੀਤੀ ਗਈ ਹੈ।
ਦੂਜੇ ਦੋਸ਼ੀ ਗਗਨਜੀਤ ਸਿੰਘ, ਵਾਸੀ ਸੈਦੇ ਸ਼ਾਹ ਵਾਲਾ ਉੱਪਰ ਵੀ ਤਿੰਨ ਕੇਸ ਦਰਜ ਹਨ। ਉਸ ਕੋਲੋਂ 3 ਕਿਲੋ ਅਫੀਮ, 667 ਨਸ਼ੀਲੀਆਂ ਗੋਲੀਆਂ ਅਤੇ 75 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਸ ਦਾ ਘਰ ਅਤੇ 20 ਮਰਲੇ ਜ਼ਮੀਨ, ਜਿਸਦੀ ਕੀਮਤ ਲਗਭਗ 45 ਲੱਖ ਰੁਪਏ ਹੈ, ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ। ਤੀਸਰੇ ਦੋਸ਼ੀ ਲਵਹੀਰਾ ਸਿੰਘ ਉਰਫ਼ ਲਵ, ਵਾਸੀ ਫਤਿਹਗੜ੍ਹ ਪੰਜਤੂਰ ਖ਼ਿਲਾਫ਼ ਦੋ ਕੇਸ ਦਰਜ ਹਨ। ਉਸ ਕੋਲੋਂ 65 ਗ੍ਰਾਮ ਹੈਰੋਇਨ ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਉਸ ਦੀ 10 ਮਰਲੇ ਜ਼ਮੀਨ, ਰਿਹਾਇਸ਼ੀ ਮਕਾਨ ਅਤੇ ਵਰਨਾ ਕਾਰ ਸਮੇਤ ਕਰੀਬ 45 ਲੱਖ 50 ਹਜ਼ਾਰ ਰੁਪਏ ਦੀ ਸੰਪਤੀ ਵੀ ਫ੍ਰੀਜ਼ ਕੀਤੀ ਗਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੀ ਸੰਪਤੀ ਨਸ਼ਾ ਤਸਕਰੀ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਇਕੱਠੀ ਕੀਤੀ ਗਈ ਸੀ। ਕੇਂਦਰ ਸਰਕਾਰ ਦੇ ਵਿੱਤ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਐਨਡੀਪੀਐਸ ਐਕਟ ਦੀ ਧਾਰਾ 68-ਐਫ(2) ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੋਗਾ ਪੁਲਿਸ ਦੀ ਇਹ ਕਾਰਵਾਈ ਨਸ਼ਾ ਤਸਕਰਾਂ ‘ਤੇ ਨੱਕੇਲ ਪਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।

LEAVE A REPLY

Please enter your comment!
Please enter your name here