ਪੰਜਾਬ ਕੁਲਦੀਪ ਧਾਲੀਵਾਲ ਦਾ ਪ੍ਰਤਾਪ ਬਾਜਵਾ ਵੱਲ ਨਿਸ਼ਾਨਾ/ ਸੰਗਰੂਰ ਬਾਰੇ ਬਿਆਨ ਨੂੰ ਲੈ ਕੇ ਚੁੱਕੇ ਸਵਾਲ/ ਬਿਨਾਂ ਦੇਰੀ ਮੁਆਫੀ ਮੰਗਣ ਦੀ ਕੀਤੀ ਮੰਗ By admin - April 8, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਆਪ ਬੁਲਾਰਾ ਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਵੀ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਤਾਪ ਬਾਜਵਾ ਨੂੰ ਨਿਸ਼ਾਨੇ ਉਤੇ ਲਿਆ ਹੈ। ਮੀਡੀਆ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਬਾਜਵਾ ਦਾ ਸੰਗਰੂਰ ਵਾਸੀਆਂ ਦਾ ਅਪਮਾਨ ਹੈ, ਜਿਸ ਲਈ ਉਨ੍ਹਾਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਧਾਲੀਵਾਲ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਇਤਿਹਾਸਕ ਤੌਰ ’ਤੇ ਇਨਕਲਾਬੀ ਅਤੇ ਦੇਸ਼ਭਗਤੀ ਭਾਵਨਾ ਨਾਲ ਭਰੀ ਰਹੀ ਹੈ। ਇਸ ਧਰਤੀ ਨੇ ਕਈ ਵੱਡੇ ਯੋਧੇ, ਸੰਤ ਅਤੇ ਆਗੂ ਪੈਦਾ ਕੀਤੇ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸਮਾਜਿਕ ਬਦਲਾਅ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਿਰਫ਼ ਸੰਗਰੂਰ ਹੀ ਨਹੀਂ, ਸਾਰੇ ਪੰਜਾਬ ਦੀ ਤੌਹੀਨ ਹਨ ਅਤੇ ਬਾਜਵਾ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। AAP ਨੇਤਾ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸ ਨੇ ਦੇਸ਼ ਵਿੱਚ ਐਮਰਜੈਂਸੀ ਲਗਾਈ ਅਤੇ ਪੰਜਾਬ ਵਿੱਚ ਕਈ ਵੱਡੇ ਵਿਵਾਦਾਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅੰਦੋਲਨ ਤੋਂ ਉਭਰੀ ਪਾਰਟੀ ਹੈ, ਜਿਸ ਨੇ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦਾ ਭਰੋਸਾ ਜਿੱਤਦੀ ਰਹੇਗੀ। ਧਾਲੀਵਾਲ ਨੇ ਧਾਰਮਿਕ ਮਾਮਲਿਆਂ ’ਤੇ ਗੱਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਇਸ ਸਬੰਧੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨਾਲ ਮਿਲ ਕੇ ਕੰਮ ਕਰੇ ਤਾਂ ਜੋ ਇੱਕ ਪ੍ਰਭਾਵਸ਼ਾਲੀ ਕਾਨੂੰਨ ਤਿਆਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ ਦੇ ਮਸਲੇ ’ਤੇ ਵੀ ਆਪਣੀ ਪਾਰਟੀ ਦਾ ਸਟੈਂਡ ਸਾਫ਼ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਪੰਜਾਬ ਦਾ ਇਸ ’ਤੇ ਪੂਰਾ ਹੱਕ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ।