
ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੇ 2 ਦਸੰਬਰ ਦੇ ਫੈਸਲੇ ਬਾਰੇ ਬਿਆਨ ’ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਨੂੰ ਖੁਧ ਖਿਲਾਫ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਆਪਣੇ ਦਾਅਵੇ ਬਾਰੇ ਕੋਈ ਸਬੂਤ ਦੇ ਦਿੰਦੇ ਹਨ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਹੱਥ ਵਿਚ ਮਾਈਕ ਫੜ ਕੇ ਸਾਰੇ ਗੁਨਾਹ ਕਬੂਲੇ ਸਨ, ਜਿਸ ਦੇ ਤਹਿਤ ਫੈਸਲਾ ਹੋਇਆ ਸੀ ਪਰ ਹੁਣ ਉਹ ਇਸ ਨੂੰ ਸਾਜ਼ਿਸ਼ ਕਹਿ ਰਹੇ ਹਨ, ਜੋ ਸਿੱਖ ਪਰੰਪਰਾ ਦੀ ਤੌਹੀਨ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਪੇਸ਼ ਹੋ ਕੇ ਆਪਣੇ ਗੁਨਾਹਾਂ ਨੂੰ ਹਾਂ ਵਿੱਚ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਲਗਾਈ ਗਈ ਧਾਰਮਿਕ ਸੇਵਾ ਵੀ ਉਹਨਾਂ ਵੱਲੋਂ ਕੀਤੀ ਗਈ ਸੀ ਪਰ ਸੇਵਾ ਕਰਨ ਤੋਂ ਬਾਅਦ ਗੁਨਾਹਾਂ ਤੋਂ ਮੁੱਕਰ ਜਾਣ ਨੂੰ ਕਿਸੇ ਵੀ ਕੀਮਤ ਤੇ ਸਹੀ ਨਹੀਂ ਕਿਹਾ ਜਾ ਸਕਦਾ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2 ਦਸੰਬਰ ਵਾਲਾ ਫੈਸਲਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਿਆ ਗਿਆ ਹੈ, ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਮੇਰੇ ਤੇ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਬਿਆਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਇੱਕ ਬਹੁਤ ਵੱਡੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਮਾਈਕ ਫੜ ਕੇ ਜੋ ਗੁਨਾਹ ਕਬੂਲੇ ਗਏ ਸੀ ਉਸ ਤਹਿਤ ਹੀ ਸਜ਼ਾ ਲਗਾਈ ਗਈ ਸੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਅਤੇ ਇਹ ਗੱਲ ਸਾਬਿਤ ਕਰਨ ਕੀ ਇਹ ਫੈਸਲਾ ਇੱਕ ਸਾਜਿਸ਼ ਤਹਿਤ ਹੋਇਆ ਹੈ ਤਾਂ ਸਾਨੂੰ ਸਿੱਖ ਪੰਥ ਜੋ ਵੀ ਸਜ਼ਾ ਲਗਾਵੇਗਾ ਸਾਨੂੰ ਉਹ ਮਨਜ਼ੂਰ ਹੋਵੇਗੀ।


