ਸੁਲਤਾਨਪੁਰ ਲੋਧੀ ’ਚ ਨਸ਼ੇ ਨੇ ਉਜਾੜਿਆ ਪੂਰਾ ਪਰਿਵਾਰ/ ਨਸ਼ੇ ਦੀ ਭੇਂਟ ਚੜ੍ਹੇ ਚਾਰ ਪੁੱਤ, ਪੰਜਵਾਂ ਵੀ ਕਰਦਾਂ ਨਸ਼ਾ ਮਾਂ ਦੀ ਦਰਦਭਰੀ ਅਪੀਲ

0
2

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਸਖਤੀ ਦੇ ਬਾਵਜੂਦ ਨਸ਼ਿਆਂ ਕਾਰਨ ਘਰ ਉਜੜਣ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਤੋਂ ਸਾਹਮਣੇ ਆਈ ਹੈ, ਜਿੱਥੇ ਨਸ਼ੇ ਨੇ ਇੱਕੋ ਪਰਿਵਾਰ ਦੇ ਚਾਰ ਨੌਜਵਾਨ ਪੁੱਤਰਾਂ ਨੂੰ ਨਿਗਲ ਲਿਆ ਹੈ ਅਤੇ ਪੰਜਵਾਂ ਵੀ ਨਸ਼ੇ ਤੋਂ ਪੀੜਤ ਹੈ।  ਪੀੜਤ ਮਾਂ ਨੇ ਰੋਂਦਿਆਂ ਦੱਸਿਆ ਕਿ ਉਸਦੇ ਪੁੱਤ ਹੌਲੀ-ਹੌਲੀ ਨਸ਼ੇ ਦੇ ਆਦੀ ਹੋ ਗਏ ਸਨ ਅਤੇ ਇਲਾਜ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਮਾਂ ਨੇ ਦਿਲ ਦਹਿਲਾ ਦੇਣ ਵਾਲਾ ਦੁੱਖ ਬਿਆਨਦਿਆਂ ਕਿਹਾ ਕਿ ਉਸਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਨਸ਼ਿਆਂ ਨੇ ਖਤਮ ਕਰ ਦਿੱਤੀਆਂ ਹਨ। ਉਸਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਪਿੰਡ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਧੰਦੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਤਾਂ ਜੋ ਹੋਰ ਪਰਿਵਾਰਾਂ ਨੂੰ ਉਜੜਣ ਤੋਂ ਬਚਾਇਆ ਜਾ ਸਕੇ।
ਸਥਾਨਕ ਵਾਸੀਆਂ ਮੁਤਾਬਕ ਇਲਾਕੇ ਵਿੱਚ ਨਸ਼ਾ ਆਸਾਨੀ ਨਾਲ ਉਪਲਬਧ ਹੋ ਰਿਹਾ ਹੈ, ਜਿਸ ਕਾਰਨ ਨੌਜਵਾਨ ਇਸ ਦੀ ਲਪੇਟ ਵਿੱਚ ਆ ਰਹੇ ਹਨ। ਲੋਕਾਂ ਨੇ ਦੱਸਿਆ ਕਿ ਕਈ ਵਾਰ ਸੰਬੰਧਿਤ ਵਿਭਾਗਾਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਫੈਲ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕਰ ਦਿੱਤਾ ਹੈ, ਜਿਸ ਨਾਲ ਨਿਪਟਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।

LEAVE A REPLY

Please enter your comment!
Please enter your name here