ਚੰਡੀਗੜ੍ਹ ਵਿਖੇ ਮੁੱਖ ਮੰਤਰੀ ਮਾਨ ਦੀ ਪ੍ਰੈੱਸ ਕਾਨਫਰੰਸ/ ਬਿਜਲੀ ਖੇਤਰ ਦੀਆਂ ਗਿਣਾਈਆਂ ਪ੍ਰਾਪਤੀਆਂ/ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀ ਕੀਤਾ ਸੰਬੋਧਨ

0
2

 

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਵੱਲੋਂ 4 ਸਾਲਾਂ ਦੌਰਾਨ ਬਿਜਲੀ ਖੇਤਰ ਵਿਚ ਕੀਤੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਹਾਜ਼ਰੀ ਵਿਚ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਬਿਜਲੀ ਖੇਤਰ ਦੀ ਬਿਹਤਰੀ ਲਈ ਕਦਮ ਚੁੱਕੇ ਜਾ ਰਹੇ ਸਨ, ਜਿਸ ਦੇ ਤਹਿਤ ਅੱਜ ਪੰਜਾਬ ਸਰਕਾਰ ਮਹਿਕਮੇ ਦੀ ਵਿੱਤੀ ਸਿਹਤ ਸੁਧਾਰਨ ਦੇ ਨਾਲ ਨਾਲ ਲੋਕਾਂ ਨੂੰ ਮੁਫਤ ਬਿਜਲੀ ਦੇਣ ਵਿਚ ਵੀ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਣ ਬਿਜਲੀ ਦੇਣ ਦੇ ਨਾਲ ਨਾਲ 90 ਫੀਸਦੀ ਘਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਨਿਰਵਿਘਨ ਬਿਜਲੀ, ਅਤੇ ਬਿਜਲੀ ਖੇਤਰ ਨੂੰ ਵਿੱਤੀ ਸਰਪਲੱਸ ਬਣਾਉਣ ਦੇ ਨਾਲ-ਨਾਲ ਸਸਤੀਆਂ ਦਰਾਂ ‘ਤੇ ਬਿਜਲੀ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਜਿੱਥੇ ਸਰਕਾਰੀ ਖੇਤਰ ਦੇ ਅਦਾਰਿਆਂ ਨੂੰ ਘਾਟੇ ਵਿਚ ਦਿਖਾ ਕੇ ਨਿੱਜੀ ਹੱਥਾਂ ਵਿਚ ਦੇਣ ਨੂੰ ਤਿਆਰ ਰਹਿੰਦੀਆਂ ਹਨ ਜਦਕਿ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਹੱਥਾਂ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਬੰਦ ਪਈ ਕੋਲੇ ਦੀ ਖਾਣ ਨੂੰ ਮੁੜ ਚਾਲੂ ਕਰ ਕੇ ਪੰਜਾਬ ਨੂੰ ਕੋਲੇ ਪੱਖੋਂ ਵੀ ਆਤਮ ਨਿਰਭਰ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਗਰਮੀਆਂ ਦਾ ਸੀਜਨ ਸ਼ੁਰੂ ਹੁੰਦੇ ਹੀ ਜਿੱਥੇ ਪਹਿਲਾਂ ਕੋਲੇ ਦੀ ਕਮੀ ਦੀਆਂ ਖਬਰਾਂ ਆਉਣ ਲੱਗਦੀਆਂ ਸਨ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਥਲਮਲ ਪਲਾਟਾਂ ਕੋਲ ਇਕ ਮਹੀਨੇ ਤੋਂ ਡੇਢ ਮਹੀਨੇ ਤਕ ਦਾ ਕੋਲਾ ਸਟੋਰ ਪਿਆ ਹੈ। ਸਰਕਾਰ ਦੀਆਂ 4 ਸਾਲਾਂ ਦੀਆਂ ਬਿਜਲੀ ਖੇਤਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ 600 ਯੂਨਿਟ ਤੱਕ ਖਪਤ ਕਰਨ ਵਾਲੇ 90% ਤੋਂ ਵੱਧ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਮਿਲ ਰਹੀ ਹੈ, ਜਿਸ ਨਾਲ ਬਹੁਤ ਸਾਰੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਅੰਦਰ ਬਿਜਲੀ ਬਚਾਉਣ ਦੀ ਆਦਤ ਵੀ ਉਤਪੰਨ ਹੋਈ ਹੈ। 600 ਯੂਨਿਟ ਦੀ ਸ਼ਰਤ ਕਾਰਨ ਲੋਕ ਵੱਡੇ ਪੱਧਰ ਤੇ ਬਿਜਲੀ ਦੀ ਬਚਤ ਕਰਨ ਲੱਗੇ ਹਨ।
ਇਸ ਤੋਂ ਇਲਾਵਾ ਸਰਕਾਰ ਦੇ ਯਤਨਾਂ ਸਦਕਾਂ ਕਦੇ ਘਾਟੇ ਵਿਚ ਚੱਲਦਾ ਬਿਜਲੀ ਮਹਿਕਮਾ ਪਹਿਲੀ ਵਾਰ ਵਿੱਤੀ ਸਰਪਲੱਸ ਵਿੱਚ ਆਇਆ ਹੈ। ਸਰਕਾਰ ਕਿਸਾਨਾਂ ਨੂੰ ਲਗਾਤਾਰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਵੀ ਸਫਲ ਹੋਈ ਹੈ ਜਦਕਿ ਪਿਛਲੀਆਂ ਸਰਕਾਰਾਂ ਵੇਲੇ ਕੱਟ ਲਾ ਲਾ ਕੇ ਬੇਟਾਇਮੀ ਸਪਲਾਈ ਦਿੱਤੀ ਜਾਂਦੀ ਸੀ, ਜਿਸ ਕਾਰਨ ਕਿਸਾਨਾਂ ਨੂੰ ਫਾਇਦੇ ਦੀ ਥਾਂ ਖੱਜਲ-ਖੁਆਰੀ ਤੇ ਘਾਟਾ ਝੱਲਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਕੀਤੇ ਹਨ, ਜਿਸ ਦੇ ਚਲਦਿਆਂ 24 ਘੰਟੇ ਗੁਣਵੱਤਾ ਵਾਲੀ ਬਿਜਲੀ ਮੁਹੱਈਆ ਕਰਵਾਉਣ ਵਿਚ ਸਫਲਤਾ ਮਿਲੀ ਹੈ।

LEAVE A REPLY

Please enter your comment!
Please enter your name here