ਪਟਿਆਲਾ ’ਚ ਆਰਟੀਓ ਕਰਮਚਾਰੀ ਨੇ ਚਲਾਈ ਗੋਲੀ/ ਗੋਲੀ ਲੱਗਣ ਨਾਲ ਸਾਲਾ ਗੰਭੀਰ ਜ਼ਖਮੀ/ ਪਤਨੀ ਨਾਲ ਝਗੜੇ ਦੌਰਾਨ ਅੰਜ਼ਾਮ ਦਿੱਤੀ ਘਟਨਾ

0
1

ਪਟਿਆਲਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ RTO ਵਿਭਾਗ ਵਿੱਚ ਤੈਨਾਤ ਇੱਕ ਕਰਮਚਾਰੀ ਨੇ ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ  ਅਤੇ ਫਿਰ ਸਮਝਾਉਣ ਆਏ ਰਿਸ਼ਤੇਦਾਰਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ ਉਸ ਦੇ ਸਾਲੇ ਨੂੰ ਦੋ ਗੋਲੀਆਂ ਲੱਗੀਆਂ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਥਾਣਾ ਅਨਾਜ ਮੰਡੀ ਪੁਲਿਸ ਨੇ ਦੋਸ਼ੀ ਹਰਵਿੰਦਰ ਸਿੰਘ ਵਾਸੀ ਘੁੰਮਣ ਨਗਰ-ਬੀ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਦਲਜੀਤ ਸਿੰਘ ਵਾਸੀ ਤਫ਼ਜ਼ਲਪੁਰਾ ਨੇ ਦੱਸਿਆ ਕਿ ਦੋਸ਼ੀ ਹਰਵਿੰਦਰ ਸਿੰਘ ਉਸਦਾ ਜੀਜਾ ਲੱਗਦਾ ਹੈ ਅਤੇ ਉਹ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਮਾਰਪੀਟ ਕਰਦਾ ਰਹਿੰਦਾ ਸੀ। 27 ਮਾਰਚ ਨੂੰ ਉਸਦੀ ਭੈਣ ਨੇ ਫ਼ੋਨ ਕਰਕੇ ਦੱਸਿਆ ਕਿ ਦੋਸ਼ੀ ਉਸ ਨਾਲ ਮਾਰਪੀਟ ਕਰ ਰਿਹਾ ਹੈ ਅਤੇ ਡਰ ਦੇ ਮਾਰੇ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ।
ਜਦੋਂ ਦਲਜੀਤ ਸਿੰਘ ਆਪਣੇ ਭਰਾ ਨਾਲ ਉਸਦੇ ਘਰ ਪਹੁੰਚਿਆ ਤਾਂ ਗੇਟ ਬੰਦ ਸੀ ਅਤੇ ਚਾਬੀ ਦੋਸ਼ੀ ਕੋਲ ਸੀ। ਦੋਸ਼ੀ ਘਰ ਦੀ ਛੱਤ ‘ਤੇ ਖੜ੍ਹਾ ਹੋ ਕੇ ਹੰਗਾਮਾ ਕਰ ਰਿਹਾ ਸੀ। ਜਦੋਂ ਗੇਟ ਖੋਲ੍ਹਣ ਲਈ ਕਿਹਾ ਗਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਦਲਜੀਤ ਦੇ ਛੋਟੇ ਭਰਾ ਬਲਜੀਤ ਸਿੰਘ ਦੀ ਛਾਤੀ ਅਤੇ ਜੰਘ ਵਿੱਚ ਗੋਲੀਆਂ ਲੱਗੀਆਂ, ਜਦਕਿ 3-4 ਗੋਲੀਆਂ ਖਾਲੀ ਗਈਆਂ। ਜ਼ਖ਼ਮੀ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
DSP ਸਿਟੀ-2 ਜਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮਾਮਲਾ ਘੁੰਮਣ ਨਗਰ ਦਾ ਹੈ ਅਤੇ ਇਹ ਪਰਿਵਾਰਿਕ ਝਗੜੇ ਨਾਲ ਸੰਬੰਧਿਤ ਹੈ। ਦੋਸ਼ੀ ਹਰਵਿੰਦਰ ਸਿੰਘ ਆਪਣੀ ਪਤਨੀ ਨਾਲ ਲੜਾਈ ਕਰ ਰਿਹਾ ਸੀ ਅਤੇ ਉਸ ਨਾਲ ਮਾਰਪੀਟ ਕਰ ਰਿਹਾ ਸੀ। ਦੋਵਾਂ ਵਿਚਕਾਰ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਪਤਨੀ ਨੇ ਇਸ ਦੌਰਾਨ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤਾ। ਜਦੋਂ ਦੋਸ਼ੀ ਮਾਰਪੀਟ ਕਰ ਰਿਹਾ ਸੀ, ਉਸਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਜਦੋਂ ਪਤਨੀ ਦੇ ਭਰਾ ਉਥੇ ਪਹੁੰਚੇ, ਉਹਨਾਂ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ, ਪਰ ਦੋਸ਼ੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਭਰਾਵਾਂ ਨੂੰ ਸ਼ੱਕ ਸੀ ਕਿ ਕਿਤੇ ਉਹਨਾਂ ਦੀ ਭੈਣ ਨੂੰ ਨੁਕਸਾਨ ਨਾ ਪਹੁੰਚਾ ਦਿੱਤਾ ਹੋਵੇ। ਇਸ ਕਰਕੇ ਉਹਨਾਂ ਵਿਚੋਂ ਇੱਕ ਭਰਾ ਛੱਤ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਦੋਸ਼ੀ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਕੁੱਲ 6 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 2 ਗੋਲੀਆਂ ਲੱਗੀਆਂ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਟਰਾਂਸਪੋਰਟ ਦਫ਼ਤਰ ਵਿੱਚ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਧਾਰਾ 109 BNS,307 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਦੋਸ਼ੀ ਦੀ ਸ਼ਾਦੀ ਕਰੀਬ 24 ਸਾਲ ਪਹਿਲਾਂ ਸੁਖਵਿੰਦਰ ਕੌਰ ਨਾਲ ਹੋਈ ਸੀ ਅਤੇ ਉਹ ਦੋ ਬੱਚਿਆਂ ਦਾ ਪਿਤਾ ਹੈ। ਉਹ ਆਪਣੀ ਪਤਨੀ ‘ਤੇ ਅਕਸਰ ਸ਼ੱਕ ਕਰਦਾ ਸੀ ਅਤੇ ਲਗਾਤਾਰ ਮਾਰਪੀਟ ਕਰਦਾ ਰਹਿੰਦਾ ਸੀ। ਕਈ ਵਾਰ ਸਮਝੌਤੇ ਹੋਣ ਦੇ ਬਾਵਜੂਦ ਵੀ ਉਸਦੇ ਵਿਵਹਾਰ ਵਿੱਚ ਕੋਈ ਸੁਧਾਰ ਨਹੀਂ ਆਇਆ। ਪਰਿਵਾਰ ਦਾ ਕਹਿਣਾ ਹੈ ਕਿ ਘਰੇਲੂ ਝਗੜਿਆਂ ਕਾਰਨ 2022 ਵਿੱਚ ਸੁਖਵਿੰਦਰ ਕੌਰ ਕਰੀਬ ਡੇਢ ਸਾਲ ਲਈ ਆਪਣੇ ਮਾਇਕੇ ਰਹੀ ਸੀ, ਪਰ ਵਾਪਸ ਆਉਣ ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ। ਹੁਣ ਦੋਸ਼ੀ ਵੱਲੋਂ ਗੋਲੀਆਂ ਚਲਾ ਕੇ ਜਾਨ ਲੈਣ ਦੀ ਕੋਸ਼ਿਸ਼ ਨੇ ਸਾਰੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ।

LEAVE A REPLY

Please enter your comment!
Please enter your name here